ਮੁੱਖ ਸਕੱਤਰ ਵਲੋਂ ਕੋਵਿਡ-19 ਦੀ ਰੋਕਥਾਮ ਤੇ ਪ੍ਰਬੰਧਾਂ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦੀਆਂ ਹਦਾਇਤਾਂ

09/19/2020 9:30:24 PM

ਚੰਡੀਗੜ੍ਹ : ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕੋਵਿਡ-19 ਦੇ ਇਲਾਜ ਅਤੇ ਪ੍ਰਬੰਧਾਂ ਸਬੰਧੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼, ਪੁਲਸ ਕਮਿਸ਼ਨਰਾਂ, ਮਿਊਂਸੀਪਲ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਮਰੀਜ਼ਾਂ ਦੀ ਹੋਰ ਜ਼ਿਆਦਾ ਦੇਖਭਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਵੱਧ ਰਹੇ ਕੋਰੋਨਾ ਮਾਮਲਿਆਂ 'ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਹੂਲਤਾਂ ਵਿਚ ਹੋਰ ਸੁਧਾਰ ਕੀਤਾ ਜਾਵੇ ਅਤੇ ਮੌਤ ਦਰ ਨੂੰ ਹੇਠਲੇ ਪੱਧਰ 'ਤੇ ਲਿਆਂਦਾ ਜਾਵੇ। ਮੌਤ ਦਰ ਘਟਾਉਣ ਲਈ ਉਨ੍ਹਾਂ ਕਪੂਰਥਲਾ, ਸੰਗਰੂਰ, ਫਤਹਿਗੜ ਸਾਹਿਬ, ਲੁਧਿਆਣਾ, ਫਿਰੋਜ਼ਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ ਜਿਸ ਨੂੰ ਕਿ ਡਾਇਲਿਸਿਸ ਦੀ ਵੀ ਲੋੜ ਹੈ, ਲਈ ਅਲੱਗ ਡਾਇਲਿਸਿਸ ਸਹੂਲਤ ਮੁਹੱਈਆ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ।

ਮੁੱਖ ਸਕੱਤਰ ਨੇ ਘਰਾਂ 'ਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਦੀ ਸਹੀ ਸਾਂਭ-ਸੰਭਾਲ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਹਾਲੇ ਵੀ ਬਹੁਤ ਸਾਰੇ ਲੋਕ ਟੈਸਟ ਕਰਵਾਉਣ ਤੋਂ ਘਬਰਾ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਜਿੰਨੀ ਜਲਦੀ ਟੈਸਟ ਹੁੰਦਾ ਹੈ, ਮਰੀਜ਼ ਦੀ ਸੰਭਾਲ ਕਰਨੀ ਓਨੀ ਆਸਾਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੈਂਪਲਿੰਗ ਅਤੇ ਟੈਸਟ ਕਰਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਲੋਕ ਸਾਂਝੇਦਾਰੀ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੈਸਟ ਕਰਾਉਣ ਲਈ ਪ੍ਰੇਰਿਆ ਜਾਵੇ। ਉਨਾਂ ਸਥਾਨਕ ਆਗੂਆਂ ਖਾਸ ਤੌਰ 'ਤੇ ਸਰਪੰਚਾਂ ਦੀ ਪ੍ਰਸੰਸਾ ਕੀਤੀ ਜਿਨਾਂ ਨੇ ਅਫਵਾਹਾਂ ਨੂੰ ਦਰਕਿਨਾਰ ਕਰਦਿਆਂ ਟੈਸਟਿੰਗ ਲਈ ਕਦਮ ਵਧਾਇਆ ਅਤੇ ਜੋ ਪਿੰਡ ਵਾਸੀਆਂ ਨੂੰ ਵੀ ਟੈਸਟਾਂ ਲਈ ਪ੍ਰੇਰ ਰਹੇ ਹਨ। ਕਰੋਨਾ ਨਾਲ ਲੜਾਈ ਕਰਨ ਵਾਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਉਨਾਂ ਖਾਸ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀ ਇਹ ਸੁਨਿਸ਼ਚਿਤ ਕਰਨ ਕਿ ਉਨਾਂ ਅਧੀਨ ਸਾਰੇ ਸਟਾਫ ਦੇ ਟੈਸਟ ਹੋ ਗਏ ਹਨ ਕਿਉਂ ਕਿ ਇਸ ਨਾਲ ਲੋਕਾਂ ਤੱਕ ਇਕ ਸਕਾਰਾਤਮਕ ਸੁਨੇਹਾ ਜਾਵੇ ।ਉਨਾਂ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਸੂਬੇ ਵਿਚ ਆਕਸੀਜਨ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ। ਜ਼ਿਕਰੇਖਾਸ ਹੈ ਕਿ ਕੁਝ ਯੂਨਿਟਾਂ ਨੂੰ ਨਵੇਂ ਲਾਇਸੰਸ ਵੀ ਜਾਰੀ ਕੀਤੇ ਗਏ ਹਨ। ਮੀਟਿੰਗ ਵਿਚ ਖਾਸ ਤੌਰ 'ਤੇ ਕੋਵਿਡ-19 ਸਬੰਧੀ ਬਣਾਏ ਸਿਹਤ ਮਾਹਿਰਾਂ ਦੇ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾਰ, ਡੀਜੀਪੀ ਦਿਨਕਰ ਗੁਪਤਾ, ਵਿੱਤੀ ਕਮਿਸ਼ਨਰ ਵਿਕਾਸ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਹਾਜ਼ਰ ਸਨ।

 


Deepak Kumar

Content Editor

Related News