ਭਾਰਤ ਭੂਸ਼ਨ ਆਸ਼ੂ ਨੂੰ ਬਰਖਾਸਤ ਕਰਨ ਮੁੱਖ ਮੰਤਰੀ : ਅਕਾਲੀ ਦਲ

Sunday, May 10, 2020 - 08:02 PM (IST)

ਭਾਰਤ ਭੂਸ਼ਨ ਆਸ਼ੂ ਨੂੰ ਬਰਖਾਸਤ ਕਰਨ ਮੁੱਖ ਮੰਤਰੀ : ਅਕਾਲੀ ਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੇ ਡਿਪੂ ਹੋਲਡਰਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ 'ਚ ਨਾਕਾਮ ਰਹਿਣ ਵਾਲੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ  ਨੂੰ ਤੁਰੰਤ ਬਰਖਾਸਤ ਕਰਨ, ਕਿਉਂਕਿ ਮੰਤਰੀ ਦੀ ਇਸ ਲਾਪਰਵਾਹੀ ਕਰਕੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ 1.4 ਕਰੋੜ ਲੋਕਾਂ ਲਈ ਭੇਜਿਆ ਰਾਸ਼ਨ ਵੰਡਿਆ ਨਹੀਂ ਜਾ ਸਕਿਆ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਖੁਰਾਕ ਅਤੇ ਸਪਲਾਈ ਮੰਤਰੀ ਵੱਲੋਂ ਵਿਖਾਈ ਅਪਰਾਧਿਕ ਲਾਪਰਵਾਹੀ ਨਾਲ ਨਾ ਸਿਰਫ ਦੋ ਡਿਪੂ ਹੋਲਡਰਾਂ ਦੀ ਮੌਤ ਹੋ ਚੁੱਕੀ ਹੈ ਸਗੋਂ ਰਾਸ਼ਨ ਨਾ ਮਿਲਣ ਕਰਕੇ ਗਰੀਬਾਂ ਅਤੇ ਲੋੜਵੰਦਾਂ ਦੀ ਵੀ ਮੰਦੀ ਹਾਲਤ ਹੈ। ਉਨ੍ਹਾਂ ਕਿਹਾ ਕਿ ਡਿਪੂ ਤੋਂ ਰਾਸ਼ਨ ਨਾ ਮਿਲਣ ਕਰਕੇ ਲੁਧਿਆਣਾ ਵਿਚ ਇੱਕ ਵਿਅਕਤੀ ਨਿਰਾਸ਼ ਹੋ ਕੇ ਆਤਮ ਹੱਤਿਆ ਕਰ ਚੁੱਕਿਆ ਹੈ ਅਤੇ ਇੱਕ ਔਰਤ ਆਪਣਾ ਮਾਨਸਿਕ ਸਤੁੰਲਨ ਗੁਆ ਬੈਠੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਡਿਪੂ ਹੋਲਡਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਪਣਾ ਕਮਿਸ਼ਨ ਤਿਆਗ ਕੇ ਵੀ ਕੇਂਦਰ ਵੱਲੋਂ ਭੇਜਿਆ ਰਾਸ਼ਨ, ਜਿਸ ਵਿਚ ਕਣਕ ਅਤੇ ਦਾਲਾਂ ਸ਼ਾਮਿਲ ਹਨ, ਗਰੀਬਾਂ ਨੂੰ ਵੰਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰਾਂ ਨੇ ਸਰਕਾਰ ਕੋਲ ਇਹ ਬੇਨਤੀ ਕੀਤੀ ਹੈ ਕਿ ਉਨ੍ਹਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਰਾਸ਼ਨ ਵੰਡਦਿਆਂ ਕੋਵਿਡ-19 ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਬੀਮੇ ਦੀ ਰਾਸ਼ੀ ਵਜੋਂ ਦਿੱਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਡਿਪੂਆਂ ਉੱਤੇ ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦੀ ਵੀ ਬੇਨਤੀ ਕੀਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ, ਭਾਰਤ ਭੂਸ਼ਨ ਆਸ਼ੂ ਨੇ ਡਿਪੂਆਂ ਹੋਲਡਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾ ਸੁਣਨਾ ਵੀ ਮੁਨਾਸਿਬ ਨਹੀਂ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਇੱਕ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਲੋਕਾਂ ਤਕ ਰਾਸ਼ਨ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਲੋੜ ਹੈ ਤਾਂ ਇੱਕ ਮੰਤਰੀ ਵੱਲੋਂ ਇਸ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸ਼੍ਰੀ ਆਸ਼ੂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਡਿਪੂ ਹੋਲਡਰਾਂ ਰਾਹੀਂ ਤੁਰੰਤ ਰਾਸ਼ਨ ਦੀ ਵੰਡ ਸ਼ੁਰੂ ਕਰਵਾਉਣੀ ਚਾਹੀਦੀ ਹੈ। ਸਰਦਾਰ ਬਰਾੜ ਨੇ ਇਹ ਵੀ ਦੱਸਿਆ ਕਿ ਗਲਤ ਬਣਾਏ ਗਏ ਕਾਰਡਾਂ ਨੂੰ ਲੈ ਕੇ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ, ਜੋ ਕਿ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇਂਦਰੀ ਰਾਹਤ ਸਿਰਫ ਅਸਲੀ ਲੋੜਵੰਦਾਂ ਨੂੰ ਹੀ ਮਿਲੇ।  


author

Bharat Thapa

Content Editor

Related News