ਕਿਸਾਨਾਂ ਦੇ ਚੱਕਾ ਜਾਮ ’ਚ ਫਸੇ ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ

Friday, Oct 09, 2020 - 11:50 PM (IST)

ਕਿਸਾਨਾਂ ਦੇ ਚੱਕਾ ਜਾਮ ’ਚ ਫਸੇ ਮੁੱਖ ਮੰਤਰੀ ਦੇ ਭਰਾ ਰਾਜਾ ਮਾਲਵਿੰਦਰ

ਪਟਿਆਲਾ, (ਪਰਮੀਤ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ’ਚ ਦੁਪਹਿਰ 12 ਤੋਂ 2 ਵਜੇ ਤੱਕ ਕੀਤੇ ਚੱਕਾ ਜਾਮ ’ਚ ਫਸ ਗਏ, ਜਿਸ ਦੀ ਵੀਡੀਓ ਵਾਇਰਲ ਹੋ ਗਈ। ਵੀਡੀਓ ’ਚ ਕਿਸਾਨ ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ ਦੇ ਨਾਅਰੇ ਲਾਉਂਦੇ ਨਜ਼ਰ ਆਏ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਵੀ ਕੀਤਾ ਅਤੇ ਉਹ ਆਪਣੀ ਗੱਡੀ ’ਚੋਂ ਉਤਰ ਕੇ ਕਿਸਾਨਾਂ ਨੂੰ ਵੀ ਮਿਲੇ।

ਵੀਡੀਓ ’ਚ ਮਾਲਵਿੰਦਰ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਧੱਕੇਸ਼ਾਹੀ ਕੇਂਦਰ ਸਰਕਾਰ ਨੇ ਕੀਤੀ ਪਰ ਹੈ ਇਹ ਨਾਅਰੇਬਾਜ਼ੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਰ ਰਹੇ ਹਨ, ਇਨ੍ਹਾਂ ਨੂੰ ਸਮਝਾਏ ਕੌਣ। ਵੀਡੀਓ ’ਚ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਐਂਬੂਲੈਂਸਾਂ ’ਚ ਗੰਭੀਰ ਮਰੀਜ਼ ਜਾ ਰਹੇ ਹੁੰਦੇ ਹਨ ਪਰ ਇਹ ਜਾਣ ਨਹੀਂ ਦੇ ਰਹੇ, ਇਨ੍ਹਾਂ ਨੂੰ ਸਮਝਾਵੇ ਕੌਣ। ਇਹ ਘਟਨਾ ਪਟਿਆਲਾ ਤੋਂ ਰਾਜਪੁਰਾ ਰੋਡ ’ਤੇ ਲੱਗੇ ਧਰੇੜੀ ਜੱਟਾਂ ਵਿਖੇ ਲੱਗੇ ਟੋਲ-ਪਲਾਜ਼ਾ ’ਤੇ ਵਾਪਰੀ।

ਸਾਰੀ ਦੁਨੀਆ ਕਿਸਾਨਾਂ ਦੇ ਨਾਲ : ਮਾਲਵਿੰਦਰ ਸਿੰਘ

ਸੰਪਰਕ ਕਰਨ ’ਤੇ ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਦੱਸਿਆ ਕਿ ਸਾਰੀ ਦੁਨੀਆਂ ਤੁਹਾਡੇ ਨਾਲ ਹੈ। ਤੁਸੀਂ ਕੇਂਦਰ ਸਰਕਾਰ ਖਿਲਾਫ ਰੋਸ ਕੱਢੋ ਕਿਉਂਕਿ ਹਰ ਪੰਜਾਬੀ ਤੁਹਾਡੇ ਨਾਲ ਹੈ। ਮੁੱਖ ਮੰਤਰੀ ਦਾ ਇਸ ਦੇ ’ਚ ਕੋਈ ਹਿੱਸਾ ਨਹੀਂ ਹੈ, ਇਹ ਕਾਨੂੰਨ ਲਿਆਉਣ ਦਾ ਕੰਮ ਮੋਦੀ ਸਾਹਿਬ ਨੇ ਕੀਤਾ ਹੈ, ਤੁਹਾਨੂੰ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕਰਨੀ ਚਾਹੀਦੀ ਹੈ।


author

Bharat Thapa

Content Editor

Related News