ਮੁੱਖ ਮੰਤਰੀ ਨੇ ਕਰਫਿਊ ਲਗਾ ਕੇ ਪੰਜਾਬ ਦੇ ਲੋਕਾਂ ਦੀ ਕੀਤੀ ਰਾਖੀ : ਧਰਮਸੌਤ

Friday, Mar 27, 2020 - 09:24 PM (IST)

ਮੁੱਖ ਮੰਤਰੀ ਨੇ ਕਰਫਿਊ ਲਗਾ ਕੇ ਪੰਜਾਬ ਦੇ ਲੋਕਾਂ ਦੀ ਕੀਤੀ ਰਾਖੀ : ਧਰਮਸੌਤ

ਚੰਡੀਗੜ੍ਹ, (ਕਮਲ)— ਪੂਰੇ ਸੰਸਾਰ 'ਚ ਫੈਲ ਚੁੱਕੀ ਮਹਾਮਾਰੀ ਕੋਰੋਨਾ ਵਾਇਰਸ ਦੀ ਪੰਜਾਬ ਵਿਚ ਰੋਕਥਾਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸਖਤ ਫੈਸਲੇ ਦੀ ਅੱਜ ਪੂਰੇ ਸੂਬੇ 'ਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਸ਼ਲਾਘਾ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਅੱਜ ਨਾਭਾ ਹਲਕੇ ਦੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਵੀ ਚੀਜ਼ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਵਿਚ ਪਹਿਲਾਂ ਲਾਕਡਾਊਨ ਕਰ ਕੇ ਤੇ ਫਿਰ ਕਰਫਿਊ ਲਗਾ ਕੇ ਅੱਜ ਪੰਜਾਬ ਦੇ ਲੋਕਾਂ ਦੀ ਜਾਨ ਦੀ ਰਾਖੀ ਕੀਤੀ ਗਈ ਹੈ। ਧਰਮਸੌਤ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਉਹ ਕੋਈ ਵੀ ਸਖਤ ਫੈਸਲਾ ਲੈਣ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਆਪਣੇ ਪਿਛਲੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਲਈ ਸਖਤ ਸਟੈਂਡ ਲਿਆ ਸੀ ਤੇ ਹੁਣ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਪਹਿਲ ਦੇ ਕੇ ਕਰਫਿਊ ਲਗਾਉਣ ਵਰਗਾ ਸਖਤ ਕਦਮ ਚੁੱਕਿਆ ਹੈ। ਹੁਣ ਮੁੱਖ ਮੰਤਰੀ ਵੱਲੋਂ ਗਰੀਬ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਲਈ 10 ਲੱਖ ਪੈਕਟ ਵੰਡਣ ਦਾ ਵੀ ਐਲਾਨ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਗਰੀਬ ਵਿਅਕਤੀ ਕਰਫਿਊ ਦੌਰਾਨ ਭੁੱਖੇ ਪੇਟ ਨਾ ਸੌਂ ਸਕੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਖੁਦ ਦੀ ਸਿਹਤ ਦੀ ਬਿਹਤਰੀ ਅਤੇ ਸਮਾਜ ਦੇ ਭਲੇ ਲਈ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਅਤੇ ਜਾਰੀ ਹੁਕਮਾਂ ਦੀ ਪਾਲਣਾ ਕਰਨ ਕਿਉਂਕਿ ਕੇਂਦਰ ਅਤੇ ਕੈਪਟਨ ਸਰਕਾਰ ਵੱਲੋਂ ਲਾਕਡਾਊਨ ਅਤੇ ਕਰਫਿਊ ਵਰਗੇ ਫੈਸਲੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਲਏ ਗਏ ਹਨ। ਪੰਜਾਬ ਸਰਕਾਰ ਵੱਲੋਂ ਕੋਰੋਨਾ ਨਾਲ ਨਿਪਟਣ ਲਈ ਚੁੱਕੇ ਜਾ ਰਹੇ ਕਾਰਗਰ ਕਦਮਾਂ ਦੇ ਚੰਗੇ ਨਤੀਜਿਆਂ ਵਾਸਤੇ ਇਸ ਔਖੀ ਘੜੀ 'ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਰੋਨਾ ਦੇ ਖਾਤਮੇ ਵਾਲਾ ਪੰਧ ਨਿੱਬੜਨਾ ਮੁਸ਼ਕਲ ਹੈ। ਅੱਜ ਕੈਬਨਿਟ ਮੰਤਰੀ ਧਰਮਸੌਤ ਵੱਲੋਂ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੇ ਨਾਭਾ ਹਲਕੇ ਦੇ ਗਰੀਬ ਲੋਕਾਂ ਤੱਕ ਆਪ ਖੁਦ ਪਹੁੰਚ ਕੇ ਰਾਸ਼ਨ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਸ਼ੰਟੀ ਵੀ ਮੌਜੂਦ ਸਨ।


author

KamalJeet Singh

Content Editor

Related News