ਜੇ ਪੰਜਾਬ ਦੇ CM ਚੰਨੀ ਆਮ ਮੁੱਖ ਮੰਤਰੀ ਹਨ ਤਾਂ ਠੇਕੇਦਾਰੀ ਸਿਸਟਮ ਖਤਮ ਕਰ ਮਜ਼ਦੂਰਾਂ ਨੂੰ ਦੇਣ ਸਿੱਧੀ ਪੇਮੈਂਟ : ਮੰਡੇਰ
Tuesday, Dec 14, 2021 - 01:12 AM (IST)
ਬੁਢਲਾਡਾ(ਮਨਜੀਤ)- ਪੰਜਾਬ ਸਰਕਾਰ ਦੀਆਂ ਫੂਡ ਏਜੰਸੀਆਂ 'ਚ ਕੰਮ ਕਰਦੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਅਨ ਡਿੱਪੂ ਬੁਢਲਾਡਾ ਵੱਲੋਂ ਅੱਜ ਸ਼ਹਿਰ ਬੁਢਲਾਡਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਪੇਮੈਂਟ ਪੱਲੇਦਾਰਾਂ ਦੇ ਖਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬੇ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਮੰਡੇਰ, ਪ੍ਰ੍ਰਧਾਨ ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਨਿਰਮਲ ਦਾਸ, ਬਲਵੀਰ ਸਿੰਘ ਸਾਬਕਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਠੇਕੇਦਾਰਾਂ ਵੱਲੋਂ ਲੇਬਰ ਦੇ ਠੇਕੇ ਵੱਧ ਲਏ ਜਾਂਦੇ ਹਨ ਜਦਕਿ ਉਨ੍ਹਾਂ ਨੂੰ ਮਜ਼ਦੂਰਾਂ ਲਈ ਸਰਕਾਰ ਤੋਂ ਲਏ ਪੈਸਿਆਂ 'ਚੋਂ ਬਹੁਤ ਘੱਟ ਲੇਬਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਮਜ਼ਦੂਰਾਂ ਨਾਲ ਇਹ ਵਾਅਦੇ ਕੀਤੇ ਜਾਂਦੇ ਹਨ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧੀ ਪੇਮੈਂਟ ਦਿੱਤੀ ਜਾਵੇਗੀ। ਜਦਕਿ ਪੰਜਾਬ ਸਰਕਾਰ ਦੇ ਵੱਡੇ-ਵੱਡੇ ਲੀਡਰ ਅਤੇ ਮੰਤਰੀ ਰਲ ਕੇ ਲੇਬਰ ਦੇ ਠੇਕੇ ਆਪਣੇ ਚਹੇਤੇ ਨਜਦੀਕੀ ਠੇਕੇਦਾਰਾਂ ਨੂੰ ਦੇ ਰਹੇ ਹਨ। ਜਿਸ ਨਾਲ ਪੰਜਾਬ ਸਰਕਾਰ ਦੇ ਖਜਾਨੇ ਦਾ ਜਿੱਥੇ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਗਰੀਬਾਂ ਦੀ ਖੂਨ-ਪਸੀਨੇ ਦੀ ਕਮਾਈ ਤੇ ਵੀ ਦਿਨ-ਦਿਹਾੜੇ ਡਾਕੇ ਪੈ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਜੇ ਉਹ ਆਮ ਮੁੱਖ ਮੰਤਰੀ ਹਨ ਤਾਂ ਉਹ ਪੰਜਾਬ ਦੇ ਗਰੀਬ ਮਜ਼ਦੂਰਾਂ ਨੂੰ ਸਿੱਧੀ ਮਜ਼ਦੂਰੀ ਲੇਬਰ ਦੇਣ ਦਾ ਕਾਨੂੰਨ ਪਾਸ ਕਰੇ ਤਾਂ ਜੋ ਮਜ਼ਦੂਰਾਂ ਨੂੰ ਕੀਤੇ ਕੰਮ ਦੀ ਲੇਬਰ ਪੂਰੀ ਮਿਲ ਸਕੇ ਤਾਂ ਜੋ ਆਪਣੇ ਬੱਚਿਆਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣ। ਇਸ ਮੌਕੇ ਧਰਨਾ ਚੁਕਾਉਣ ਲਈ ਵਿਸ਼ੇਸ਼ ਤੌਰ 'ਤੇ ਨਾਇਬ ਤਹਿਸੀਲਦਾਰ ਜਿਨਸ਼ੂ ਬਾਂਸਲ ਪਹੁੰਚੇ, ਜਿਨ੍ਹਾਂ ਨੂੰ ਪੱਲੇਦਾਰਾਂ ਨੇ ਆਪਣਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਦਿੱਤਾ ਅਤੇ ਧਰਨੇ ਦੀ ਸਮਾਪਤੀ ਕੀਤੀ। ਇਸ ਮੌਕੇ ਡਿੱਪੂ ਪ੍ਰਧਾਨ ਕੁਲਵੰਤ ਸਿੰਘ, ਸੈਕਟਰੀ ਅਮ੍ਰਿਤਪਾਲ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਜੱਗਾ ਸਿੰਘ ਸਤੀਕੇ, ਲਾਲ ਸਿੰਘ ਬੁਢਲਾਡਾ, ਦਰਸ਼ਨ ਸਿੰਘ ਬੱਛੌਆਣਾ, ਬੱਗੜ ਸਿੰਘ ਗੁਰਨੇ, ਜੰਟਾ ਸਿੰਘ ਗੁਰਨੇ, ਗੁਲਜਾਰ ਸਿੰਘ ਸਤੀਕੇ, ਰਾਮਧਨ ਸਿੰਘ ਅਹਿਮਦਪੁਰ, ਤੋਂ ਇਲਾਵਾ ਵੱਡੀ ਗਿਣਤੀ ਲੇਬਰ-ਪੱਲੇਦਾਰ ਮਜੂਦਰ ਮੌਜੂਦ ਸਨ।