ਖਹਿਰਾ, ਵੜਿੰਗ ਤੇ ਮਜੀਠੀਆ ਨੂੰ CM ਮਾਨ ਦਾ ਖੁੱਲ੍ਹਾ ਚੈਲੰਜ

Saturday, Sep 09, 2023 - 05:04 PM (IST)

ਖਹਿਰਾ, ਵੜਿੰਗ ਤੇ ਮਜੀਠੀਆ ਨੂੰ CM ਮਾਨ ਦਾ ਖੁੱਲ੍ਹਾ ਚੈਲੰਜ

ਜਲੰਧਰ (ਰਮਨਦੀਪ ਸਿੰਘ ਸੋਢੀ): ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਚੁਣੌਤੀ ਦਿੰਦਿਆਂ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਮੁੱਖ ਮੰਤਰੀ ਨੇ ਦੋਹਾਂ ਨੂੰ ਇਕ ਮਹੀਨੇ ਵਿੱਚ ਪੰਜਾਬੀ ਦਾ ਪੇਪਰ 45 ਫ਼ੀਸਦੀ ਨੰਬਰਾਂ 'ਤੇ ਪਾਸ ਕਰਕੇ ਵਿਖਾਉਣ ਦਾ ਚੈਲੰਜ ਕੀਤਾ ਹੈ। ਅੱਜ ਜਲੰਧਰ ਵਿਖੇ ਨਵ-ਨਿਯੁਕਤ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਮੁੱਖ ਮੰਤਰੀ ਨੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਇਹ ਚੁਣੌਤੀ ਦਿੱਤੀ।

ਇਹ ਵੀ ਪੜ੍ਹੋ :  ਕਿਸਾਨਾਂ ਲਈ ਖ਼ੁਸ਼ਖ਼ਬਰੀ,ਪੰਜਾਬ ਸਰਕਾਰ ਨੇ ਦਿੱਤਾ ਇਕ ਹੋਰ ਵੱਡਾ ਤੋਹਫ਼ਾ

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹਰਿਆਣਾ ਦੇ ਨੌਜਵਾਨਾਂ ਦੀ ਪੰਜਾਬ 'ਚ ਭਰਤੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸਵਾਲ ਚੁੱਕੇ ਜਾ ਰਹੇ ਸਨ। ਮੁੱਖ ਮੰਤਰੀ ਮਾਨ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਇਕ ਮੈਸਜ ਆਇਆ ਕਿ ਭਗਵੰਤ ਮਾਨ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ ਤੇ ਹਰਿਆਣਾ ਤੇ ਰਾਜਸਥਾਨ ਤੋਂ ਭਰਤੀਆਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦਾ ਕਾਨੂੰਨ ਹੈ ਕਿ ਜੇਕਰ ਪੰਜਾਬ ਵਿੱਚ ਨੌਕਰੀ ਲੈਣੀ ਹੈ ਤਾਂ ਪੰਜਾਬੀ ਵਿੱਚ ਪੇਪਰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਵਿੱਚ 95 ਫ਼ੀਸਦੀ ਪੰਜਾਬ ਦੇ ਉਮੀਦਵਾਰ ਹਨ ਤੇ ਜੋ 5 ਫ਼ੀਸਦੀ ਬਾਕੀ ਬਚਦੇ ਹਨ ਉਨ੍ਹਾਂ 'ਚੋਂ ਵੀ ਵਧੇਰੇ ਪੰਜਾਬ ਵਿੱਚ ਹੀ ਰਹਿੰਦੇ ਹਨ।  ਉਨ੍ਹਾਂ ਦੇ ਪੱਕੇ ਸਿਰਨਾਵੇਂ ਹਰਿਆਣਾ ਜਾਂ ਰਾਜਸਥਾਨ ਦੇ ਹੋ ਸਕਦੇ ਹਨ ਪਰ ਉਹ ਵੀ ਪੰਜਾਬੀ ਪਰਿਵਾਰਾਂ ਵਿੱਚੋਂ ਹਨ। ਇਹ 5 ਫ਼ੀਸਦੀ ਉਹ ਉਮੀਦਵਾਰ ਹਨ ਜਿਨ੍ਹਾਂ ਨੇ 10ਵੀਂ ਵਿੱਚ ਪੰਜਾਬੀ ਵਿਸ਼ਾ 50 ਫ਼ੀਸਦੀ ਨੰਬਰਾਂ ਨਾਲ ਪਾਸ ਕੀਤਾ ਹੈ। ਇਹ ਸੂਬੇ ਦਾ ਕਾਨੂੰਨ ਹੈ ਕਿ ਜੇਕਰ ਪੰਜਾਬ ਵਿੱਚ  ਨੌਕਰੀ ਲਈ ਅਪਲਾਈ ਕਰਨਾ ਹੈ ਤਾਂ ਪੰਜਾਬੀ ਵਿਸ਼ਾ 50 ਫ਼ੀਸਦੀ ਨੰਬਰਾਂ ਨਾਲ ਪਾਸ ਕੀਤਾ ਜਾਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ : ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੂੰ ਨਿਯੁਕਤੀ ਪੱਤਰ ਮਿਲਦੇ ਹਨ ਉਨ੍ਹਾਂ ਨੂੰ ਵਧਾਈ ਦੇਣ ਦਾ ਹੌਂਸਲਾ ਕਿਉਂ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪੰਜਾਬੀ ਕੈਨੇਡਾ ਦੀ ਪੁਲਸ ਵਿਚ ਭਰਤੀ ਹੁੰਦਾ ਹੈ ਤਾਂ ਅਸੀਂ ਮਾਣ ਨਾਲ ਸੀਨਾ ਚੌੜਾ ਕਰਦੇ ਹਾਂ ਕਿ ਸਾਡਾ ਮੁੰਡਾ ਪੁਲਸ ਵਿੱਚ ਭਰਤੀ ਹੋ ਗਿਆ ਪਰ ਦੂਜੇ ਪਾਸੇ ਹੋਰ ਸੂਬੇ ਦਾ ਨੌਜਵਾਨ ਪੰਜਾਬੀ ਦਾ ਪੇਪਰ ਦੇ ਕੇ ਪੰਜਾਬ ਵਿਚ ਭਰਤੀ ਹੋ ਜਾਵੇ ਤਾਂ ਕਈ ਜਣੇ ਵਿਰੋਧ ਕਰਨ 'ਤੇ ਉੱਤਰ ਆਉਂਦੇ ਹਨ। ਹਰਿਆਣਾ ਤੇ ਰਾਜਸਥਾਨ ਵੀ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਤੇ ਪੰਜਾਬੀ ਵੀ ਉਨ੍ਹਾਂ ਸੂਬਿਆਂ ਵਿੱਚ ਵੱਸਦੇ ਹਨ। 

ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਚੱਲਦਾ ਸੀ ਗੰਦਾ ਧੰਦਾ, ਵੀਡੀਓ 'ਚ ਵੇਖੋ ਸਿੰਘਾਂ ਨੇ ਕੀ ਕੀਤਾ ਹਾਲ, ਕੁੜੀ ਮੰਗ ਰਹੀ ਮੁਆਫ਼ੀਆਂ

ਮੁੱਖ ਮੰਤਰੀ ਮਾਨ ਨੇ ਤਲਖ਼ੀ ਭਰੇ ਲਹਿਜ਼ੇ ਵਿੱਚ ਸੁਖਪਾਲ ਖਹਿਰਾ 'ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਕਿਸੇ 'ਐਰੇ ਗੈਰੇ ਨੱਥੂ ਖੈਰੇ' ਤੋਂ ਐਨ. ਓ. ਸੀ. ਲੈਣ ਦੀ ਲੋੜ ਨਹੀਂ ਹੈ। ਲੱਖੇ ਸਿਧਾਣੇ ਨੇ ਵੀ ਪਿਛਲੇ ਦਿਨੀਂ ਪੰਜਾਬ 'ਚ ਹੋਈਆਂ ਭਰਤੀਆਂ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣ ਦਾ ਸੁਫ਼ਨਾ ਮੈਨੂੰ ਸੌਣ ਨਹੀਂ ਦਿੰਦਾ ਪਰ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਭੰਡਣ ਤੋਂ ਇਲਾਵਾ ਕੋਈ ਕੰਮ ਨਹੀਂ ਹੈ। ਮੁੱਖ ਮੰਤਰੀ ਨੇ ਨਾਂ ਲੈ ਕੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸ਼ਰਤ ਲਾ ਕੇ ਇਕ ਮਹੀਨੇ ਵਿੱਚ ਪੰਜਾਬੀ ਦਾ ਪੇਪਰ 50 ਨਹੀਂ ਸਗੋਂ 45 ਫ਼ੀਸਦੀ ਨੰਬਰਾਂ ਨਾਲ ਹੀ ਪਾਸ ਕਰਕੇ ਵਿਖਾ ਦੇਣ। ਮਜੀਠੀਆ 'ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਮਗਰੋਂ ਕਾਤਲਾਂ ਨਾਲ ਮਹਿਫਲਾਂ ਲਗਾਉਂਦੇ ਰਹੇ ਹਨ। ਇਹ ਸਾਨੂੰ ਪੰਜਾਬ ਨਾਲ ਵਫਾਦਾਰੀਆਂ ਨਾ ਸਿਖਾਉਣ। ਮੁੱਖ ਮੰਤਰੀ ਨੇ ਕਿਹਾ ਕਿ ਰਾਜਾ ਵੜਿੰਗ ਕਹਿ ਰਿਹਾ ਹੈ ਕਿ ਰਾਜਸਥਾਨ ਦੇ 4 ਉਮੀਦਵਾਰਾਂ ਨੂੰ ਪੰਜਾਬ 'ਚ ਨੌਕਰੀਆਂ ਕਿਉਂ ਦਿੱਤੀਆਂ। ਮੈਂ ਕਿਹਾ ਤੂੰ ਤਾਂ ਗੱਲ ਨਾ ਹੀ ਕਰ ਤਾਂ ਚੰਗਾ ਹੈ। ਪੰਜਾਬ ਦੀਆਂ ਬੱਸਾਂ 'ਤੇ ਰਾਜਸਥਾਨ ਤੋਂ ਬਾਡੀਆਂ ਲੱਗੀਆਂ ਨੇ ਲੋਕ ਪੰਜਾਬ ਤੋਂ ਬੱਸਾਂ ਦੀਆਂ ਬਾਡੀਆਂ ਲਗਵਾਉਣ ਆਉਂਦੇ ਨੇ, ਇਹ ਰਾਜਸਥਾਨ ਗਏ। ਜਦੋਂ ਫਾਇਲਾਂ ਵੇਖਦਾਂ ਤਾਂ ਹੈਰਾਨ ਹੁੰਦਾ ਹਾਂ। ਸਾਡੀ ਪਾਲਿਸੀ ਕਲੀਅਰ ਹੈ ਕਿ ਜਿਸ ਕਿਸੇ ਨੇ ਵੀ ਰਿਸ਼ਵਤ ਲਈ ਹੈ ਉਹ ਬਖ਼ਸ਼ਿਆ ਨਹੀਂ ਜਾਵੇਗਾ। 

ਇਹ ਵੀ ਪੜ੍ਹੋ :  ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ 'ਤੇ ਐਂਟੋਨੀਓ ਗੁਟਾਰੇਸ ਦਾ ਵੱਡਾ ਬਿਆਨ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਲਪੇਟੇ 'ਚ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਪੰਜਾਬੀ ਦੀ ਅਖ਼ਬਾਰ ਮੈਂ ਪੜ੍ਹ ਕੇ ਸੁਣਾਉਂਦਾ ਰਿਹਾ ਹਾਂ। ਜਿਨ੍ਹਾਂ ਸਕੂਲਾਂ ਵਿੱਚ ਇਹ ਪੜ੍ਹੇ ਹਨ ਉਥੇ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ ਸੀ। ਇਹ ਸਾਨੂੰ ਪੰਜਾਬੀ ਨਾਲ ਪਿਆਰ ਕਰਨਾ ਸਿਖਾਉਣਗੇ। ਇਨ੍ਹਾਂ ਦਾ ਤਾਂ ਉਹ ਹਾਲ ਹੈ ਕੇ ਰੋਜ਼ਾਨਾ ਸਰਕਾਰ ਦੇ ਕੰਮਾਂ ਵਿੱਚ ਨੁਕਸ ਕੱਢਣਾ ਹੈ। ਇਨ੍ਹਾਂ ਨੂੰ ਚਾਹੀਦਾ ਹੈ ਕਿ ਮੇਰੇ 'ਚ ਨੁਕਸ ਕੱਢਣ ਤੋਂ ਪਹਿਲਾਂ ਪੂਰੀ ਗੱਲ ਜਾਣ ਲਿਆ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harnek Seechewal

Content Editor

Related News