ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਮੁਲਾਜ਼ਮਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੇ ਦਿੱਤੇ ਨਿਰਦੇਸ਼

Thursday, Jan 04, 2018 - 11:29 AM (IST)

ਮਾਨਸਾ (ਸੰਦੀਪ ਮਿੱਤਲ) — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਅੱਜ ਮਾਨਸਾ ਜ਼ਿਲੇ ਦਾ ਦੌਰਾ ਕੀਤਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਣਕਾਰੀ ਲਈ। ਇਸ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸੁਰੇਸ਼ ਕੁਮਾਰ ਨੇ ਸਰਕਾਰ ਦੁਆਰਾ ਚਲਾਇਆਂ ਜਾ ਰਹੀਆਂ ਸਕੀਮਾਂ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਜੋੜਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ, ਖਾਸ ਤੌਰ 'ਤੇ ਐੱਸ. ਡੀ. ਐੱਮ. ਸਹਿਬਾਨਾਂ ਨੂੰ ਵੱਧ ਤੋਂ ਵੱਧ ਲੋਕਾਂ 'ਚ ਵਿਚਰਨਾ ਚਾਹੀਦਾ ਹੈ । 
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਮਾਨਸਾ ਜ਼ਿਲੇ ਨਾਲ ਸਬੰਧਤ ਸਕੀਮਾਂ ਦੇ ਵੇਰਵੇ ਅਤੇ ਉਨ੍ਹਾਂ ਦੀ ਸਫਲਤਾ ਨੂੰ ਸਲਾਇਡ ਸ਼ੌ ਦੇ ਸਹਾਰੇ ਪੇਸ਼ ਕੀਤਾ ਅਤੇ ਦੱਸਿਆ ਕਿ ਸਰਕਾਰ ਦੀਆਂ 10 ਅਹਿਮ ਸਕੀਮਾਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆਂ ਜਾ ਰਹੀਆਂ ਹਨ । 
ਇਸ ਉਪਰੰਤ ਸੁਰੇਸ਼ ਕੁਮਾਰ ਨੇ ਇਨ੍ਹਾਂ ਸਕੀਮਾਂ ਦੀ ਪ੍ਰੋਗਰੈਸ ਰਿਪੋਰਟ 'ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਹਰ ਮਹਿਕਮੇ ਦੇ ਅਫਸਰਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ । ਉਨ੍ਹਾਂ ਵਿਦਿਆ, ਸਿਹਤ, ਰੋਜ਼ਗਾਰ, ਪੇਂਡੂ ਵਿਕਾਸ, ਪੰਚਾਇਤਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਫਾਇਦੇ ਦੀਆਂ ਸਕੀਮਾਂ ਦੇ ਹਰੇਕ ਪਹਿਲੂ ਤੇ ਵਿਸਥਾਰ ਨਾਲ ਚਰਚਾ ਕੀਤੀ । 
ਤੇਜਵੀਰ ਸਿੰਘ ਨੇ ਅਫਸਰਾਂ ਨੂੰ ਕਿਹਾ ਕਿ ਉਹ ਮਾਨਸਾ ਸ਼ਹਿਰ ਦੇ ਵਾਸੀਆਂ ਅਤੇ ਇਸ ਖੇਤਰ ਦੇ ਲਈ ਢੁੱਕਵੀਂਆਂ ਹੋਰ ਨਵੀਆਂ ਸਕੀਮਾਂ ਬਾਰੇ ਰਿਪੋਰਟ ਬਣਾ ਕੇ ਉਨਾਂ ਨੂੰ ਭੇਜਣ। ਉਨ੍ਹਾਂ•ਭਰੋਸਾ ਦਿੱਤਾ ਕਿ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਨ ਉਪਰੰਤ ਮਾਨਸਾ ਜ਼ਿਲੇ ਦੀ ਤਰੱਕੀ ਲਈ ਹੋਰ ਵਧੀਆ ਪ੍ਰਬੰਧ ਕੀਤੇ ਜਾਣਗੇ। 
ਇਸ ਮੀਟਿੰਗ ਤੋਂ ਬਾਅਦ ਸੁਰੇਸ਼ ਕੁਮਾਰ, ਤੇਜਵੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਮਾਨਸਾ ਦਾਣਾ ਮੰਡੀ ਦਾ ਦੌਰਾ ਕਰਨ ਗਏ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਦੇ 7 ਜਨਵਰੀ ਦੇ ਦੌਰੇ ਨੂੰ ਦੇਖਦੇ ਹੋਏ, ਉਥੇ ਹੋਣ ਵਾਲੇ ਪ੍ਰਬੰਧਾਂ ਦਾ ਜਇਜ਼ਾ ਵੀ ਲਿਆ। 
ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਨਾਲ ਸੰਬੰਧਿਤ ਕਿਸਾਨਾਂ ਦੀਆਂ ਲਿਸਟਾਂ ਨਿਰਪੱਖ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਤੇ ਇਸ ਬਾਰੇ ਕਿਸੇ ਕਿਸਮ ਦੀ ਵੀ ਅਣਗਹਿਲੀ ਅਤੇ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ, ਐੱਸ. ਐੱਸ. ਪੀ. ਮਾਨਸਾ ਪਰਮਵੀਰ ਸਿੰਘ ਪਰਮਾਰ, ਐੱਸ. ਪੀ. ਹੈੱਡਕੁਆਰਟਰ ਰਾਕੇਸ਼ ਕੁਮਾਰ, ਐੱਸ. ਡੀ. ਐੱਮ. ਬੁੱਢਲਾਡਾ ਗੁਰਸਿਮਰਨ ਸਿੰਘ ਢਿਲੋਂ, ਤੋਂ ਇਲਾਵਾ ਮਾਨਸਾ ਜ਼ਿਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Related News