ਮੋਦੀ ਦੇ ਪੱਖ ''ਚ ਹਵਾ ਨਹੀਂ, ਕਾਂਗਰਸ ਪੰਜਾਬ ''ਚ ਕਲੀਨ ਸਵੀਪ ਕਰੇਗੀ : ਅਮਰਿੰਦਰ

04/27/2019 9:54:29 AM

ਜਲੰਧਰ/ਪਟਿਆਲਾ (ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦੇਸ਼ 'ਚ ਮੋਦੀ ਦੇ ਪੱਖ 'ਚ ਕੋਈ ਹਵਾ ਨਹੀਂ ਚੱਲ ਰਹੀ ਹੈ ਤੇ ਦੂਸਰੇ ਅਤੇ ਤੀਸਰੇ ਪੜਾਅ ਦੇ ਮਤਦਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਅੰਦਰ ਘਬਰਾਹਟ ਪਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਪਿਛਲੇ ਪੰਜ ਸਾਲਾਂ 'ਚ ਕੋਈ ਉਪਲੱਬਧੀ ਨਹੀਂ ਰਹੀ। ਵਪਾਰ ਅਤੇ ਉਦਯੋਗ ਫਰੰਟ 'ਤੇ ਮੋਦੀ ਸਰਕਾਰ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਕਾਰਨ ਅਸਫਲ ਹੋ ਗਈ ਤਾਂ ਦੂਸਰੇ ਪਾਸੇ ਕਿਸਾਨਾਂ ਦੇ ਕਰਜ਼ੇ ਵੀ ਮੋਦੀ ਸਰਕਾਰ ਮੁਆਫ ਨਹੀਂ ਕਰ ਸਕੀ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਨਤਾ ਮੋਦੀ ਸਰਕਾਰ ਨੂੰ ਸੱਤਾ 'ਚੋਂ ਬਾਹਰ ਕਰਨ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੇ ਪੱਖ 'ਚ ਇਕ ਤਰਫਾ ਹਵਾ ਚੱਲ ਰਹੀ ਹੈ, ਕਿਉਂਕਿ ਜਨਤਾ ਕਾਂਗਰਸ ਦੇ ਨਾਲ ਖ਼ੜ੍ਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਇਸ ਲਈ ਵੀ ਕਾਂਗਰਸ ਦੇ ਨਾਲ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਨੂੰ ਭੈਅ ਅਤੇ ਡਰ ਵਾਲੇ ਮਾਹੌਲ 'ਚੋਂ ਬਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਕੋਈ ਉਪਲੱਬਧੀ ਨਹੀਂ ਰਹੀ। ਉਨ੍ਹਾਂ ਨੇ ਸਿਰਫ ਮਾਫੀਆ ਰਾਜ ਫੈਲਾਇਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਅਕਾਲੀਆਂ ਦੇ ਕਾਰਜਕਾਲ 'ਚ ਬਦ ਤੋਂ ਬਦਤਰ ਹੋ ਗਈ ਸੀ। ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਨੇ ਅੱਜ ਪਟਿਆਲਾ 'ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ 'ਤੇ ਸਾਰੇ ਪਰਿਵਾਰਕ ਮੈਂਬਰ ਕੈਪਟਨ ਅਮਰਿੰਦਰ ਸਿੰਘ ਨਾਲ ਮੌਜੂਦ ਸਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਬਠਿੰਡਾ ਅਤੇ ਫਿਰੋਜ਼ਪੁਰ ਸਮੇਤ ਸਾਰੀਆਂ 13 ਸੀਟਾਂ ਨੂੰ ਜਿੱਤ ਲਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਿਸ਼ਾਨਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਦੋਵਾਂ ਨੂੰ ਹਰਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ 2014 'ਚ ਜੋ ਹਾਲਾਤ ਸਨ, ਉਸ ਦੇ ਮੁਕਾਬਲੇ ਹੁਣ ਜ਼ਮੀਨ-ਆਸਮਾਨ ਦਾ ਫਰਕ ਆ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਮਿਸ਼ਨ 13 ਨੂੰ ਲੈ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਕੇਂਦਰ 'ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ 'ਚ ਪ੍ਰਚਾਰ ਲਈ ਆਉਣਗੇ। ਅਜੇ ਉਨ੍ਹਾਂ ਦੀਆਂ ਤਰੀਕਾਂ ਅਤੇ ਰੋਡ ਸ਼ੋਅ ਦੀ ਥਾਂ ਦੀ ਚੋਣ ਕੀਤੀ ਜਾਣੀ ਬਾਕੀ ਹੈ।


Shyna

Content Editor

Related News