ਮੁੱਖ ਮੰਤਰੀ ਦੀ ਮਾਨਸਾ ਵਿਖੇ ਆਮਦ ਨੂੰ ਲੈ ਕੇ ਬੀਬੀ ਭੱਟੀ ਨੇ ਵਰਕਰਾਂ ਦੀਆਂ ਲਾਈਆਂ ਡਿਊਟੀਆਂ

Saturday, Jan 06, 2018 - 04:13 PM (IST)

ਮੁੱਖ ਮੰਤਰੀ ਦੀ ਮਾਨਸਾ ਵਿਖੇ ਆਮਦ ਨੂੰ ਲੈ ਕੇ ਬੀਬੀ ਭੱਟੀ ਨੇ ਵਰਕਰਾਂ ਦੀਆਂ ਲਾਈਆਂ ਡਿਊਟੀਆਂ

ਬੁਢਲਾਡਾ (ਮਨਜੀਤ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਵਿਖੇ 7 ਜਨਵਰੀ ਦੀ ਫੇਰੀ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ 'ਚ ਇਕ ਹੰਗਾਮੀ ਮੀਟਿੰਗ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਮੀਟਿੰਗ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਬੀਬੀ ਭੱਟੀ ਨੇ ਵਰਕਰਾਂ ਨਾਲ ਸਾਂਝੀ ਕੀਤੀ। ਨਾਲ ਹੀ ਬੀਬੀ ਭੱਟੀ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਰਕਰ ਇਸ ਸਮਾਗਮ 'ਚ ਸ਼ਾਮਲ ਹੋ ਕੇ ਪਾਰਟੀ ਆਗੂਆਂ ਦੇ ਵਿਚਾਰ ਸੁਣਨ ਪਰ ਮੀਟਿੰਗ ਉਦੋਂ ਵੱਖਰਾ ਰੂਪ ਧਾਰ ਗਈ ਜਦੋਂ ਟਕਸਾਲੀ ਕਾਂਗਰਸੀ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰੀ ਦਰਬਾਰੇ ਪਾਰਟੀ ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਅਤੇ ਵਿਰੋਧੀ ਪਾਰਟੀ ਦੇ ਆਗੂਆਂ ਦਾ ਹੀ ਦਫਤਰਾਂ 'ਚ ਅੱਜ ਵੀ ਬੋਲਬਾਲਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਕਰਜ਼ਾ ਮੁਆਫੀ ਦੀਆਂ ਬਣਾਈਆਂ ਗਈਆਂ ਲਿਸਟਾਂ 'ਚ ਕੋਈ ਵੀ ਪਾਰਟੀ ਵਰਕਰਾਂ ਦੀ ਪੁੱਛ-ਪ੍ਰਤੀਤ ਨਹੀਂ ਕੀਤੀ ਗਈ। ਪਾਰਟੀ ਆਗੂ ਮਹਿਸੂਸ ਕਰਦੇ ਹਨ ਕਿ ਸਬੰਧਤ ਅਧਿਕਾਰੀ ਆਪਣੀ ਮਨਮਾਨੀ ਕਰ ਕੇ ਲਿਸਟਾਂ ਤਿਆਰ ਕਰ ਰਹੇ ਹਨ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਬੀਬੀ ਭੱਟੀ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਕਿਸੇ ਵੀ ਵਰਕਰ ਨਾਲ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਕੋਈ ਵੀ ਹੋਵੇ।


Related News