6 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਇਲਾਕੇ ਨੂੰ ਦੇਣਗੇ ਵੱਡਾ ਤੋਹਫ਼ਾ
Thursday, Dec 05, 2024 - 06:44 PM (IST)
ਗੁਰਦਾਸਪੁਰ (ਵਿਨੋਦ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਟਾਲਾ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ 6 ਦਸੰਬਰ ਨੂੰ ਸਹਿਕਾਰੀ ਖੰਡ ਮਿੱਲ, ਬਟਾਲਾ ਵਿੱਚ 300 ਕਰੋੜ ਰੁਪਏ ਦੀ ਲਾਗਤ ਵਾਲੇ 3500 ਟੀ.ਸੀ.ਡੀ. ਸਮਰੱਥਾ ਦੇ ਪਲਾਂਟ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਉਦਘਾਟਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖ਼ਰਚ ਕਰਕੇ ਸੂਬੇ ਦੀ ਦੂਸਰੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ 1500 ਟੀਸੀਡੀ ਤੋਂ ਵਧਾ ਕੇ 3500 ਟੀਸੀਡੀ (ਜੋ ਭਵਿੱਖ ਵਿੱਚ 5000 ਟੀਸੀਡੀ ਤੱਕ ਵੱਧਣਯੋਗ ਹੈ) ਕੀਤੀ ਗਈ ਹੈ। ਇਸਦੇ ਨਾਲ ਹੀ ਇੱਥੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਵੀ ਲਗਾਇਆ ਹੈ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ਼ੂਗਰ ਮਿੱਲ ਦੇ ਇਸ ਨਵੇਂ ਪ੍ਰੋਜੈਕਟ ਰਾਹੀਂ ਹੁਣ ਫਾਰਮਾ ਗਰੇਡ ਦੀ ਖੰਡ ਦਾ ਉਤਪਾਦਨ ਵੀ ਕੀਤਾ ਜਾਵੇਗਾ ਜੋ ਕਿ ਮਾਰਕਿਟ ਵਿੱਚ ਮੌਜੂਦਾ ਖੰਡ ਦੇ ਰੇਟਾਂ ਦੇ ਮੁਕਾਬਲੇ ਲਗਭਗ ਦੁੱਗਣੇ ਰੇਟਾਂ (70-100 ਰੁਪਏ ਪ੍ਰਤੀ ਕਿੱਲੋਗਰਾਮ) ’ਤੇ ਵਿਕੇਗੀ। ਇਸ ਤੋਂ ਇਲਾਵਾ ਕੋ-ਜਨਰੇਸ਼ਨ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ 14 ਮੈਗਾਵਾਟ ਬਿਜਲੀ ਵਿਚੋਂ 5 ਮੈਗਾਵਾਟ ਬਿਜਲੀ ਮਿੱਲ ਵੱਲੋਂ ਵਰਤੀ ਜਾਵੇਗੀ ਅਤੇ 9 ਮੈਗਾਵਾਟ ਸਰਕਾਰੀ ਗਰਿੱਡ ਨੂੰ ਵੇਚੀ ਜਾਵੇਗੀ ਜਿਸ ਨਾਲ ਮਿੱਲ ਨੂੰ ਵਾਧੂ ਵਿੱਤੀ ਲਾਭ ਹੋਵੇਗਾ ਅਤੇ ਮਿੱਲ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਗੰਨੇ ਦੀ ਕੀਮਤ ਦੀ ਅਦਾਇਗੀ ਕਰਨ ਦੇ ਸਮਰੱਥ ਹੋ ਸਕੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਪੁੱਤ ਨੇ ਚਾਰ ਲੱਖ ਦੀ ਸੁਪਾਰੀ ਦੇ ਕੇ ਦੋਸਤਾਂ ਤੋਂ ਮਰਵਾਇਆ ਪਿਓ
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਖੰਡ ਮਿੱਲ ਦੀ ਸਮਰੱਥਾ ਵਧਣ ਅਤੇ ਕੋ-ਜਨਰੇਸ਼ਨ ਪਲਾਂਟ ਲੱਗਣ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਵਧਣ ਨਾਲ ਹੁਣ ਇਲਾਕੇ ਦੇ ਕਿਸਾਨਾਂ ਨੂੰ ਆਪਣਾ ਗੰਨਾਂ ਦੂਰ ਦੀਆਂ ਮਿੱਲਾਂ ਵਿੱਚ ਨਹੀਂ ਲਿਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੰਨੇ ਦੀ ਕਾਸ਼ਤ ਨੂੰ ਹੁੰਗਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਕਲਸੀ ਨੇ ਕਿਹਾ ਕਿ ਸ਼ੂਗਰ ਮਿੱਲ ਬਟਾਲਾ ਦਾ ਨਵਾਂ ਪਲਾਂਟ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ 6 ਦਸੰਬਰ ਦਾ ਦਿਨ ਬਟਾਲਾ ਸ਼ੂਗਰ ਮਿੱਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਨੇ ਉਜਾੜਿਆ ਪਰਿਵਾਰ, ਨਾਬਾਲਿਗ ਧੀ ਨੂੰ ਇਸ ਹਾਲਤ 'ਚ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ
ਇਸ ਤੋਂ ਪਹਿਲਾਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ, ਡੀ.ਆਈ.ਜੀ. ਸ੍ਰੀ ਸਤਿੰਦਰ ਸਿੰਘ, ਐੱਸ.ਐੱਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ, ਏ.ਡੀ.ਸੀ. ਸ੍ਰੀ ਸੁਰਿੰਦਰ ਸਿੰਘ, ਐੱਸ.ਡੀ.ਐੱਮ. ਸ੍ਰੀ ਵਿਕਰਮਜੀਤ ਸਿੰਘ, ਰਜਿਸਟਰਾਰ ਸਹਿਕਾਰੀ ਸਭਾਵਾਂ ਜਸਪ੍ਰੀਤ ਸਿੰਘ, ਜਨਰਲ ਮੈਨੇਜਰ ਸ਼ੂਗਰ ਮਿੱਲ ਬਟਾਲਾ ਸ. ਅਮਰਦੀਪ ਸਿੰਘ ਸੰਧੂ, ਸੁਪਰਡੈਂਟ ਸਲਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨਾਲ ਭਲਕੇ ਹੋਣ ਵਾਲੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਲਕੀਤ ਸਿੰਘ ਵੈਰੋਨੰਗਲ, ਬੰਟੀ ਟਰੈਂਡ, ਗਗਨਦੀਪ ਸਿੰਘ ਬਟਾਲਾ, ਮਹਿਕਪ੍ਰੀਤ ਸਿੰਘ ਬਾਜਵਾ ਕਲਾਨੌਰ ਸਮੇਤ ਹੋਰ ਵੀ ਆਗੂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8