ਮਾਰਚ ’ਚ ਪਿਤਾ ਬਣਨਗੇ ਮੁੱਖ ਮੰਤਰੀ ਭਗਵੰਤ ਮਾਨ, ਖੁਦ ਸਾਂਝੀ ਕੀਤੀ ਜਾਣਕਾਰੀ
Friday, Jan 26, 2024 - 06:23 PM (IST)
ਲੁਧਿਆਣਾ : ਅੱਜ 75ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਨਿੱਜੀ ਖੁਸ਼ੀ ਸਾਂਝੀ ਕੀਤੀ ਹੈ। ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਹ ਜਨਤਾ ਨਾਲ ਆਪਣੀ ਨਿੱਜੀ ਖੁਸ਼ੀ ਸਾਂਝੀ ਕਰ ਰਹੇ ਹਨ। ਮਾਰਚ ਮਹੀਨੇ ਉਨ੍ਹਾਂ ਦੇ ਘਰ ਖੁਸ਼ੀ ਆਉਣ ਵਾਲੀ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7 ਮਹੀਨਿਆਂ ਦੀ ਗਰਭਵਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਤੇ ਹੈਰਾਨੀ ਹੋਵੇਗੀ ਕਿ ਅਸੀਂ ਅਜੇ ਤਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ। ਜਿਹੜਾ ਵੀ ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਕੁਦਰਤ ਦੀ ਸਭ ਤੋਂ ਵੱਡੀ ਨਿਯਾਮਤ ਹੈ। ਮੁੰਡੇ ਤੇ ਕੁੜੀਆਂ ਦੇ ਚੱਕਰਾਂ ਵਿਚ ਨਹੀਂ ਪੈਣਾ ਚਾਹੀਦਾ। ਇਹ ਨਾ ਦੇਖਿਆ ਕਰੋ ਕਿ ਮੁੰਡਾ ਹੈ ਜਾਂ ਕੁੜੀ ਹੈ, ਕੀ ਪਤਾ ਰੱਬ ਕਿਹੜੇ ਰੂਪ ਵਿਚ ਮਿਲ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਪੰਜਾਬ ਸਰਕਾਰ ਦਾ ਸੰਕਲਪ ਹੈ, ਜਿਸ ਨੂੰ ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ। 41 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਜਿਨ੍ਹਾਂ ਵਿਚ ਜ਼ਿਆਦਾ ਨੌਕਰੀਆਂ ਧੀਆਂ ਨੂੰ ਹੀ ਮਿਲੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸੂਬਾ ਨੰਬਰ ਇਕ ਸੀ ਅਤੇ ਫਿਰ ਨੰਬਰ ਇਕ ਬਣੇਗਾ ਕਿਉਂਕਿ ਪੰਜਾਬ ਸਰਕਾਰ ਸੱਚੀ ਨੀਅਤ ਤੇ ਇਮਾਨਦਾਰੀ ਨਾਲ ਕੰਮ ਕਰ ਰਹੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ’ਚ ਲਹਿਰਾਇਆ ਕੌਮੀ ਝੰਡਾ, ਕਿਹਾ ਪੰਜਾਬੀਆਂ ਕਾਰਣ ਹੀ ਮਿਲੀ ਆਜ਼ਾਦੀ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਫੁੱਟਬਾਲ ਗਰਾਊਂਡ ਵਿਚ 75ਵੇਂ ਗਣਤੰਤਰ ਦਿਵਸ ਸਮਾਰੋਹ ਵਿਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਇਹ ਗਣਤੰਤਰ ਦਿਵਸ ਹੈ। ਸਗੋਂ ਇਸ ਲਈ ਖਾਸ ਹੈ ਕਿਉਂਕਿ ਪੰਜਾਬੀਆਂ ਦਾ ਗਣਤੰਤਰ ਦਿਵਸ ਆਇਆ ਹੈ, ਨਹੀਂ ਤਾਂ ਕਈ 26 ਜਨਵਰੀ ਅੰਗਰੇਜ਼ਾਂ ਦੇ ਰਾਜ ਵਿਚ ਲੰਘ ਗਏ ਸਨ, ਪੰਜਾਬੀਆਂ ਨੇ ਲੜਾਈਆਂ ਲੜੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ, ਫਿਰ ਕਿਤੇ ਜਾ ਕੇ ਗਣਤੰਤਰ ਦਿਵਸ ਵੀ ਆਇਆ ਹੈ। ਅਫ਼ਸੋਸ ਦੀ ਗੱਲ ਹੈ ਕਿ 26 ਜਨਵਰੀ ਦੀ ਪਰੇਡ ਵਿਚੋਂ ਪੰਜਾਬ ਦੀ ਝਾਕੀ ਹਟਾ ਦਿੱਤੀ ਗਈ, ਇਹ ਸੁੰਦਰ ਝਾਂਕੀ ਅੱਜ ਤੁਹਾਡੇ ਸਾਹਮਣੇ ਹਨ। ਜੇਕਰ ਤੁਸੀਂ ਇਹ ਝਾਂਕੀ 26 ਜਨਵਰੀ ਨੂੰ ਸ਼ਾਮਿਲ ਕੀਤੀ ਹੁੰਦੀ ਤਾਂ ਤੁਹਾਡੀ ਇੱਜ਼ਤ ਹੋਰ ਵਧ ਜਾਂਦੀ। ਅਸੀਂ ਕੁਰਬਾਨੀਆਂ ਕਰਨ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਾਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਅਧਿਆਪਕ, ਕੈਬਨਿਟ ਮੀਟਿੰਗ ਵਿਚ ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8