ਰੋਡ ਸ਼ੋਅ ਦੌਰਾਨ ਬੋਲੇ CM ਭਗਵੰਤ ਮਾਨ, ਕਿਹਾ-ਜਲੰਧਰ ਨੂੰ 'ਮੁੰਦਰੀ' ਦੇ ਨਗ ਵਾਂਗ ਚਮਕਾਵਾਂਗੇ
Saturday, May 06, 2023 - 05:51 PM (IST)
ਜਲੰਧਰ (ਵੈੱਬ ਡੈਸਕ)- ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਚੁਣੇ ਗਏ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਜਲੰਧਰ ਵਿਖੇ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਨੂੰ ਅਸੀਂ ਮੁੰਦਰੀ ਦੇ ਨਗ ਵਾਂਗ ਚਮਕਾ ਦੇਵਾਂਗੇ। ਰੁਜ਼ਗਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਿਰਫ਼ ਇਕ ਸਾਲ ਵਿਚ ਪੰਜਾਬ ਦੇ 29 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਹੋਰ ਵੀ ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਜਲੰਧਰ ਵਿਚ ਹਾਂ। ਉਨ੍ਹਾਂ ਕਿਹਾ ਕਿ ਵੀਰੋ ਤੁਹਾਡੇ ਕੋਲ ਇਕ ਮੌਕਾ ਹੈ ਤੁਸੀਂ 10 ਮਈ ਨੂੰ ਝਾੜੂ ਵਾਲਾ ਇਕ ਬਟਨ ਦਬ ਕੇ ਆਪਣੇ ਬੱਚਿਆਂ ਦੀ ਕਿਸਮਤ ਚਮਕਾ ਸਕਦੇ ਹੋ। ਝਾੜੂ ਵਾਲਾ ਬਟਨ ਦੱਬੋਗੇ ਤਾਂ ਵਿਕਾਸ ਦਾ ਬਟਨ ਦੱਬਿਆ ਜਾਵੇਗਾ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਂ ਆਦਮਪੁਰ , ਬਿਲਗਾ, ਸ਼ਾਹਕੋਟ, ਮਹਿਤਪੁਰ, ਨੂਰਮਹਿਲ, ਗੋਰਾਇਆ ਗਿਆ, ਜਿੱਥੇ ਵੀ ਜਾਂਦੇ ਹਾਂ ਅਜਿਹਾ ਹੀ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਸੰਗਰੂਰ ਵਿਚ ਵੇਖਣ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਹੈ ਕਿ ਜਲੰਧਰ ਵਾਸੀ ਹੁਣ ਸੰਗਰੂਰ ਦਾ ਵੀ ਰਿਕਾਰਡ ਤੋੜਨਗੇ।
ਇਹ ਵੀ ਪੜ੍ਹੋ : ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ
ਉਨ੍ਹਾਂ ਮੀਡੀਆ ਨੂੰ ਕਿਹਾ ਕਿ ਮੀਡੀਆ ਵਾਲੇ ਸਾਡੇ ਜਾਣ ਤੋਂ ਬਾਅਦ ਇਕ ਵਾਰ ਜਨਤਾ ਨੂੰ ਜ਼ਰੂਰ ਪੁੱਛਣ ਕਿ ਇਹ ਸਾਰੇ ਕਿਰਾਏ 'ਤੇ ਤਾਂ ਨਹੀਂ ਲਿਆਂਦੇ ਗਏ। ਵਿਰੋਧੀ ਧਿਰਾਂ 'ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਇਥੇ ਕਈ ਪਾਰਟੀਆਂ ਅਜਿਹੀਆਂ ਵੀ ਹਨ, ਜੋ ਕਿਰਾਏ 'ਤੇ ਜਨਤਾ ਨੂੰ ਲਿਆਂਦੀਆਂ ਹਨ। ਪਰ ਇਥੇ ਇਹ ਸਾਰੀ ਜਨਤਾ ਆਪ ਮੁਹਾਰੇ ਆਈ ਹੈ, ਕੋਈ ਕਿਰਾਏ 'ਤੇ ਨਹੀਂ ਲਿਆਂਦਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਿਰਫ਼ 11 ਮਹੀਨੇ ਮੰਗ ਰਹੇ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਵੋਟਾਂ ਪਾਈਆਂ ਹਨ। ਹੁਣ 11 ਮਹੀਨੇ ਸਾਡੇ ਨਾਲ ਲਗਾ ਦਿਓ, ਅੱਗੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇੰਨਾ ਵਧੀਆ ਕੰਮ ਕਰਾਂਗੇ ਕਿ ਅਗਲੀ ਵਾਰੀ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਨਿਕੰਮੇ ਨਿਕਲੇ ਤਾਂ ਅਗਲੀ ਵਾਰ ਮੱਖਣ ਵਿਚੋਂ ਵਾਲ ਵਾਂਗੂ ਕੱਢ ਕੇ ਬਾਹਰ ਕਰ ਦਿਓ। 10 ਮਈ ਨੂੰ ਝਾੜੂ ਵਾਲਾ ਬਟਨ ਦੱਬ ਕੇ ਆਪਣੀ ਜ਼ਿੰਮੇਵਾਰੀ ਨਿਭਾਓ। ਫਿਰ ਸਾਡੀ ਜ਼ਿੰਮੇਵਾਰੀ ਸ਼ੁਰੂ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਪੀ. ਜੀ. ਆਈ. ਵਰਗਾ ਇਕ ਹਸਪਤਾਲ ਵੀ ਬਣਾਇਆ ਜਾਵੇਗਾ ਅਤੇ ਜੋ ਪਿਮਸ ਹਸਪਤਾਲ ਹੈ, ਉਸ ਨੂੰ ਸਰਕਾਰ ਵੱਲੋਂ ਚਲਾਇਆ ਜਾਵੇਗਾ ਅਤੇ ਇਥੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਘਟਨਾ ਦੀਆਂ ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ