ਮੁੱਖ ਮੰਤਰੀ ਦੀ ਪਿੰਡਵਾਸੀਆਂ ਨੂੰ ਅਪੀਲ, ਸਿਰਫ਼ ਕੋਰੋਨਾ ਮੁਕਤ ਵਿਅਕਤੀਆਂ ਦੀ ਹੀ ਹੋਵੇ ਪਿੰਡਾਂ ’ਚ ਐਂਟਰੀ

Saturday, May 15, 2021 - 04:50 PM (IST)

ਮੁੱਖ ਮੰਤਰੀ ਦੀ ਪਿੰਡਵਾਸੀਆਂ ਨੂੰ ਅਪੀਲ, ਸਿਰਫ਼ ਕੋਰੋਨਾ ਮੁਕਤ ਵਿਅਕਤੀਆਂ ਦੀ ਹੀ ਹੋਵੇ ਪਿੰਡਾਂ ’ਚ ਐਂਟਰੀ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) :  ਸੂਬੇ ’ਚ ਕੋਵਿਡ ਦੀ ਪਹਿਲੀ ਲਹਿਰ ਤੋਂ ਵੱਡੀ ਪੱਧਰ ’ਤੇ ਬੇਅਸਰ ਰਹੇ ਪੇਂਡੂ ਇਲਾਕਿਆਂ ਵਿਚ ਹੁਣ ਕੋਵਿਡ ਦੇ ਪੈਰ ਪਸਾਰਨ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਵਾਸੀਆਂ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ  ਆਪੋ-ਆਪਣੇ ਪਿੰਡਾਂ ਵਿਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਦਾਖਲ ਹੋਣ ਦੇਣ, ਜੋ ਕੋਰੋਨਾ ਵਾਇਰਸ ਤੋਂ ਮੁਕਤ ਹੋਣ। ਫੇਸਬੁੱਕ ਲਾਈਵ ਦੌਰਾਨ ਪੰਜਾਬ ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖਤ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਨੇ ਆਉਂਦੇ ਦੋ ਮਹੀਨਿਆਂ ਨੂੰ ਬਹੁਤ ਹੀ ਗੰਭੀਰ ਸਮਾਂ ਦੱਸਿਆ। ਉਨ੍ਹਾਂ ਕਿਹਾ,“ਹੁਣ ਦਿਹਾਤੀ ਖੇਤਰਾਂ ਵਿਚ ਕੋਵਿਡ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਰ ਕੇ ਸਾਨੂੰ ਬਹੁਤ ਸੰਭਲਣ ਦੀ ਲੋੜ ਹੈ।” ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ ਕੋਵਿਡ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ’ਤੇ ਜਾਗੋ ਪਾਰਟੀ ਦਾ ਸਖ਼ਤ ਐਕਸ਼ਨ, ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰੇਗੀ ਸ਼ਿਕਾਇਤ 

ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਮੁਹੱਲੇ ਅਤੇ ਪਿੰਡ ਬਚਾਉਣ ਦਾ ਸੱਦਾ ਦਿੱਤਾ, ਤਾਂ ਕਿ ਇਸ ਨਾਲ ਆਪਣੇ-ਆਪ ਨੂੰ, ਆਪਣੇ ਪਰਿਵਾਰਾਂ ਨੂੰ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਲਾਜ ਲਈ ਹਸਪਤਾਲ ਜਾਣ ਵਿਚ ਦੇਰੀ ਨਾ ਕਰਨ ਲਈ ਆਖਿਆ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡੇ ਕੋਲ ਹਰੇਕ ਜਗ੍ਹਾ ਡਾਕਟਰਾਂ ਦੀਆਂ ਟੀਮਾਂ ਹਨ ਅਤੇ ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਇਨ੍ਹਾਂ ਡਾਕਟਰਾਂ ਤੱਕ ਪਹੁੰਚ ਕਰੋ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਲਾਜ ਵਿਚ ਦੇਰੀ ਹੋਣ ਨਾਲ ਲੋਕਾਂ ਨੂੰ ਲੈਵਲ-3 ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਐੱਲ-2 ਦੇ 50 ਫੀਸਦੀ ਬੈੱਡ ਭਰੇ ਹਨ ਜਦਕਿ ਐੱਲ-3 ਦੇ ਲਗਭਗ 90 ਫੀਸਦੀ ਬੈੱਡ ਭਰੇ ਹੋਏ ਹਨ ਅਤੇ ਸੂਬਾ ਸਰਕਾਰ 2000 ਹੋਰ ਬੈੱਡ ਸ਼ਾਮਲ ਕਰਨ ਦੀ ਪ੍ਰਕਿਰਿਆ ਵਿਚ ਹੈ, ਜਿਸ ਨੂੰ ਲੋਕਾਂ ਵਲੋਂ ਸਮੇਂ ਸਿਰ ਇਲਾਜ ਲਈ ਨਾ ਜਾਣ ਦਾ ਕਾਰਨ ਦੱਸਿਆ।

ਇਹ ਵੀ ਪੜ੍ਹੋ :  ਪੰਜਾਬ 'ਚ 'ਕੋਰੋਨਾ ਟੀਕਾਕਰਨ' ਦੀ ਰਫ਼ਤਾਰ ਘਟੀ, ਕੈਪਟਨ ਦੇ ਕੇਂਦਰ ਸਿਰ ਮੜ੍ਹੇ ਇਲਜ਼ਾਮ  

ਉਨ੍ਹਾਂ ਨੇ ਲੋਕਾਂ ਨੂੰ ਲੱਛਣਾਂ ਦਾ ਪਹਿਲਾ ਸੰਕੇਤ ਮਿਲਣ ’ਤੇ ਹੀ ਤੁਰੰਤ ਡਾਕਟਰ ਕੋਲ ਜਾਣ ਲਈ ਆਖਿਆ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਲਾਜ ਕਰਨ ਦਾ ਫੈਸਲਾ ਡਾਕਟਰਾਂ ਨੂੰ ਕਰਨ ਦਿਓ, ਆਪਣੇ ਆਪ ਹੀ ਜਾਂਚ ਅਤੇ ਦਵਾਈਆਂ ਲੈਣ ਨਾ ਜਾਓ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਇਸ ਢੰਗ ਨਾਲ ਆਪਣੇ ਪਰਿਵਾਰਾਂ ਅਤੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਕਿਉਂ ਪਹੁੰਚਾ ਸਕਦੇ ਹੋ। ਅਸੀਂ ਪੰਜਾਬ ਨੂੰ ਦਿੱਲੀ ਅਤੇ ਮਹਾਰਾਸ਼ਟਰ ਦੇ ਰਾਹ ਨਹੀਂ ਪੈਣ ਦੇਣਾ ਚਾਹੁੰਦੇ, ਜਿਨ੍ਹਾਂ ਨੂੰ ਦੂਜੀ ਲਹਿਰ ਦੌਰਾਨ ਅਣਕਿਆਸੀਆਂ ਸਮੱਸਿਆਵਾਂ ਵਿਚੋਂ ਗੁਜ਼ਰਨਾ ਪਿਆ। ਇਸ ਮਹਾਮਾਰੀ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ ਵਿਚ ਹੋਇਆ ਹੈ ਅਤੇ ਇੱਥੋਂ ਤੱਕ ਕਿ ਅਗਾਂਹਵਧੂ ਮੁਲਕ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਸੂਬਾ ਬਚਾਉਣ ਲਈ ਉਨ੍ਹਾਂ ਦੀ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।     

ਇਹ ਵੀ ਪੜ੍ਹੋ : ਘਰਾਂ ’ਚ ਇਕਾਂਤਵਾਸ ਦੌਰਾਨ ਖਾਣੇ ਦੀ ਸਮੱਸਿਆ ਨਾਲ ਜੂਝ ਰਹੇ ਕੋਵਿਡ ਰੋਗੀਆਂ ਤਕ ਪੁਲਸ ਨੇ ਪਹੁੰਚਾਇਆ ਖਾਣਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News