ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫਾ
Wednesday, Jul 22, 2020 - 12:43 AM (IST)
ਚੰਡੀਗੜ੍ਹ,(ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਨੂੰ ਅਸਤੀਫਾ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮੇਂ ਦੌਰਾਨ ਸਰਕਾਰੀ ਪੱਧਰ 'ਤੇ ਵੱਡੇ ਪ੍ਰਸ਼ਾਸਕੀ ਫੇਰਦਬਲ ਤੋਂ ਬਾਅਦ ਤੋਂ ਹੀ ਸੁਰੇਸ਼ ਕੁਮਾਰ ਅਸਹਿਜ ਸਨ। ਚਰਚਾ ਇਹ ਵੀ ਹੈ ਕਿ ਪਹਿਲਾਂ ਜੋ ਸਰਕਾਰੀ ਫਾਈਲਾਂ ਉਨ੍ਹਾਂ ਕੋਲ ਆਉਂਦੀਆਂ ਸਨ, ਉਹ ਹੁਣ ਨਹੀਂ ਆ ਰਹੀਆਂ, ਇਸ ਲਈ ਉਨ੍ਹਾਂ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਦੇ ਨਾਲ ਹੀ ਸੁਰੇਸ਼ ਕੁਮਾਰ ਨੇ ਆਪਣੇ ਨਾਲ ਤਾਇਨਾਤ ਸਰਕਾਰੀ ਸਟਾਫ਼, ਸੁਰੱਖਿਆ ਅਧਿਕਾਰੀ ਵੀ ਰਿਲੀਵ ਕਰ ਦਿੱਤੇ ਹਨ।
ਸੁਰੇਸ਼ ਕੁਮਾਰ ਨੇ ਇਸ ਤੋਂ ਪਹਿਲਾਂ ਵੀ ਇਕ ਵਾਰ ਅਸਤੀਫਾ ਦਿੱਤਾ ਸੀ। ਮਾਮਲਾ ਉਦੋਂ ਭਖਿਆ ਸੀ, ਜਦੋਂ ਸੁਰੇਸ਼ ਕੁਮਾਰ ਦੀ ਚੀਫ਼ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ 'ਤੇ ਨਿਯੁਕਤੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਹਾਲਾਂਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਨਿੱਜੀ ਪੱਧਰ 'ਤੇ ਦਖਲ ਦੇ ਕੇ ਸੁਰੇਸ਼ ਕੁਮਾਰ ਨੂੰ ਰਾਜ਼ੀ ਕਰ ਲਿਆ ਸੀ ਅਤੇ ਉਹ ਦੁਬਾਰਾ ਕੰਮਕਾਜ ਕਰਨ ਲੱਗੇ ਸਨ। ਹਾਲਾਂਕਿ ਉਹ ਮੁੱਖ ਮੰਤਰੀ ਦਫ਼ਤਰ ਵਿਚ ਨਹੀਂ ਆ ਰਹੇ ਸਨ। ਦੱਸਿਆ ਜਾ ਰਿਹਾ ਸੀ ਕਿ ਅਦਾਲਤ ਵਿਚ ਨਿਯੁਕਤੀ ਦਾ ਵਿਵਾਦ ਪੈਦਾ ਹੋਣ ਤੋਂ ਬਾਅਦ ਸਰਕਾਰੀ ਪੱਧਰ 'ਤੇ ਮਾਮਲੇ ਦੀ ਚੰਗੀ ਤਰ੍ਹਾਂ ਪੈਰਵੀ ਨਾ ਕਰਨ ਨੂੰ ਲੈ ਕੇ ਵੀ ਸੁਰੇਸ਼ ਕੁਮਾਰ ਨਾਰਾਜ਼ ਸਨ।
ਸੁਰੇਸ਼ ਕੁਮਾਰ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਰਕਾਰੀ ਪੱਧਰ 'ਤੇ ਇਕ ਧੜਾ ਉਨ੍ਹਾਂ ਦੇ ਖਿਲਾਫ ਹੈ ਅਤੇ ਉਹ ਲਗਾਤਾਰ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਰੇਸ਼ ਕੁਮਾਰ ਆਪਣੇ ਸਾਫ ਅਕਸ ਲਈ ਜਾਣੇ ਜਾਂਦੇ ਹਨ, ਇਸ ਲਈ ਉਹ ਇਸ ਤਰ੍ਹਾਂ ਆਪਣੇ ਅਕਸ 'ਤੇ ਉਠ ਰਹੇ ਸਵਾਲਾਂ ਤੋਂ ਪ੍ਰੇਸ਼ਾਨ ਚੱਲ ਰਹੇ ਸਨ। ਹਾਲਾਂਕਿ ਮੁੱਖ ਮੰਤਰੀ ਨਾਲ ਨਜ਼ਦੀਕੀਆਂ ਕਾਰਨ ਉਹ ਸਰਕਾਰੀ ਪੱਧਰ 'ਤੇ ਕੰਮਕਾਜ ਕਰ ਰਹੇ ਸਨ ਪਰ ਕੁੱਝ ਸਮੇਂ ਦੌਰਾਨ ਪ੍ਰਸ਼ਾਸਕੀ ਪੱਧਰ 'ਤੇ ਫੇਰਬਦਲ ਤੋਂ ਬਾਅਦ ਸਥਿਤੀਆਂ ਲਗਾਤਾਰ ਬਦਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਬਦਲੇ ਮਾਹੌਲ ਨੂੰ ਦੇਖਦਿਆਂ ਹੀ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਹੁਣ ਅਸਤੀਫਾ ਭੇਜਿਆ ਹੈ।