ਮੰਡੀਕਰਨ ਬੋਰਡ ਦੇ ਚੀਫ਼ ਇੰਜੀਨੀਅਰ ਨੇ 31 ਦਸੰਬਰ ਤੱਕ ਏ.ਵੰਨ ਅਨਾਜ ਮੰਡੀ ਬਣਾਉਣ ਦਾ ਦਿੱਤਾ ਭਰੋਸਾ

07/16/2020 3:02:14 PM

ਭਵਾਨੀਗੜ੍ਹ(ਕਾਂਸਲ) - ਭਵਾਨੀਗੜ੍ਹ ਦੀ ਅਨਾਜ ਮੰਡੀ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਸੀਵਰ ਪਾਉਣ ਦੇ ਨਾਲ-ਨਾਲ ਹੋਰ ਸਾਰੇ ਵਿਕਾਸ ਦੇ ਕੰਮ ਵੀ 31 ਦਸੰਬਰ ਤੱਕ ਮੁਕੰਮਲ ਕਰਕੇ ਮੰਡੀ ਨੂੰ ਏ-ਵੰਨ ਮੰਡੀ ਬਣਾ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਮੰਡੀ ਵਿਚ ਪਾਣੀ ਦੀ ਨਿਕਾਸੀ ਅਤੇ ਸਫਾਈ ਪ੍ਰਬੰਧਾਂ ਦੀ ਸਮੱਸਿਆ ਦਾ ਜਾਇਜਾ ਲੈਣ ਲਈ ਪਹੁੰਚੇ ਮੰਡੀਕਰਨ ਬੋਰਡ ਦੇ ਚੀਫ਼ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ ਨੇ ਮੰਡੀ ਦੇ ਆੜਤੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਮੰਡੀ ਵਿਚ ਪਾਣੀ ਦੀ ਨਿਕਾਸੀ ਅਤੇ ਹੋਰ ਵਿਕਾਸ ਕੰਮਾਂ ਸੰਬੰਧੀ ਅੱਜ ਤੋਂ ਕਰੀਬ 9 ਮਹੀਨੇ ਪਹਿਲਾਂ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਜੋ ਫੈਸਲਾ ਲਿਆ ਗਿਆ ਸੀ ਉਨ੍ਹਾਂ ਦੀ ਸ਼ੁਰੂਆਤ ਕਰਨ ’ਚ ਪਹਿਲਾਂ ਕੁਝ ਵਿਭਾਗੀ ਕਾਰਨਾਂ ਕਰਕੇ ਅਤੇ ਫਿਰ ਕੋਰੋਨਾ ਮਹਾਮਾਰੀ ਕਰਕੇ ਹੋਈ ਤਾਲਾਬੰਦੀ ਕਾਰਨ ਦੇਰੀ ਹੋਈ। ਪਰ ਹੁਣ ਸਾਡੇ ਵੱਲੋਂ ਇਨ੍ਹਾਂ ਸਾਰੇ ਕੰਮਾਂ ਦੀ ਪ੍ਰੋਗਰੈਸ ਦਾ ਰੀਵਿਊ ਕੀਤਾ ਗਿਆ ਹੈ ਅਤੇ ਇਨ੍ਹਾਂ ਕੰਮਾਂ ਦੇ ਨਾਲ-ਨਾਲ ਹੋਰ ਨਵੇਂ ਕੰਮ ਵੀ ਜਲਦ ਹੀ ਪੂਰੇ ਕਰ ਦਿੱਤੇ ਜਾਣਗੇ। ਜਿਸ ਵਿਚ ਸਭ ਤੋਂ ਜ਼ਰੂਰੀ ਕੰਮ ਹੈ ਪਾਣੀ ਦੀ ਨਿਕਾਸੀ। ਜਿਸ ਦਾ ਇਸ ਮਾਨਸੂਨ ਵਿਚ ਆਰਜੀ ਪ੍ਰਬੰਧ ਕਰਕੇ ਹੱਲ ਕੀਤਾ ਜਾਵੇਗਾ ਅਤੇ ਫਿਰ ਇਸ ਦਾ 100 ਪ੍ਰਤੀਸ਼ਤ ਸੁਚੱਜੇ ਢੰਗ ਨਾਲ ਪੱਕਾ ਪ੍ਰਬੰਧ ਕਰਕੇ ਅਗਲੇ ਮਾਨਸੂਨ ’ਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

PunjabKesari

ਇਸ ਤੋਂ ਇਲਾਵਾ ਰਾਮਪੁਰਾ ਵਿਖੇ ਸਬ ਯਾਰਡ ’ਚ ਕਿਸਾਨਾਂ ਦੇ ਬੈਠਣ ਲਈ ਸ਼ੈੱਡ ਦਾ ਨਿਰਮਾਣ, ਮੁੱਖ ਯਾਰਡ ਅਤੇ ਸਬ ਯਾਰਡ ’ਚ ਆਧੁਨਿਕ ਤਕਨੀਕ ਵਾਲੀਆਂ ਸਟਰੀਟ ਲਾਇਟਾਂ, ਮਾਰਕਿਟ ਕਮੇਟੀ ਦੇ ਦਫ਼ਤਰ ਦੀ ਰੀਪੇਅਰ ਅਤੇ ਸੜਕਾਂ ਦੇ ਪੂਨਰ ਨਿਰਮਾਣ ਸਮੇਤ ਹੋਰ ਸਾਰੇ ਕੰਮਾਂ ਦੇ ਐਸਟੀਮੇਟ ਵਿਭਾਗ ਵੱਲੋਂ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਦਾ ਵੀ ਜਲਦ ਨਿਮਰਾਣ ਕਰਵਾਇਆ ਜਾਵੇਗਾ। ਇਸ ਮੌਕੇ ਇਨ੍ਹਾਂ ਕੰਮਾਂ ਨੂੰ ਲੈ ਕੇ ਤਾਲਾਬੰਦੀ ਤੋਂ ਪਹਿਲਾਂ ਵਿਭਾਗ ਕਾਰਨਾਂ ਕਰਕੇ ਹੋਈ ਦੇਰੀ ਲਈ ਚੀਫ਼ ਇੰਜੀਨੀਅਰ ਸ. ਬਰਾੜ ਨੇ ਮੀਟਿੰਗ ਦੌਰਾਨ ਢਿੱਲੀ ਕਾਰਗੁਜਾਰੀ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੰਗੀ ਕਲਾਸ ਲਗਾਉਂਦਿਆਂ ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਚਿਤਾਵਾਨੀ ਦਿੱਤੀ। ਇਸ ਮੌਕੇ ਪਰਦੀਪ ਕੱਦ ਚੇਅਰਮੈਨ ਮਾਰਕਿਟ ਕਮੇਟੀ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਸੁਖਵੀਰ ਸਿੰਘ ਸੁੱਖੀ ਕਪਿਆਲ ਪ੍ਰਧਾਨ ਆੜਤੀਆਂ ਐਸੋ., ਦਿਵੇਸ਼ ਕੁਮਾਰ, ਰਾਕੇਸ਼ ਕੁਮਾਰ ਅਤੇ ਮੰਡੀ ਬੋਰਡ ਦੇ ਸੀਵਰੇਜ਼ ਬੋਰਡ ਦੇ ਐਸ.ਡੀ.ਓ ਨਛੱਤਰ ਸਿੰਘ, ਜੇ.ਈ ਪ੍ਰੇਮ ਸਿੰਘ ਸਮੇਤ ਕਈ ਹੋਰ ਆੜਤੀਏ ਅਤੇ ਮਾਰਕੀਟ ਕਮੇਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।


Harinder Kaur

Content Editor

Related News