7.90 ਕਰੋਡ਼ ਦੀ ਲਾਗਤ ਨਾਲ ਛੱਤਬੀਡ਼ ਚਿੜੀਆਘਰ ਦੀ ਹੋਵੇਗੀ ਕਾਇਆ ਕਲਪ : ਸਿੱਧੂ
Friday, Jan 18, 2019 - 07:24 AM (IST)
ਚੰਡੀਗਡ਼੍ਹ, ਅਸ਼ਵਨੀ)- ਪੰਜਾਬ ’ਚ ਜੰਗਲੀ ਜੀਵ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਛੱਤਬੀਡ਼ ਚਿਡ਼ੀਆਘਰ ਵਿਖੇ ਸੈਲਾਨੀਆਂ ਲਈ ਵਧੀਆ ਸਹੂਲਤਾਂ ਪ੍ਰਦਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ ਅਤੇ ਚਿਡ਼ੀਆਘਰ ਦੀ ਮੁਕੰਮਲ ਦਿੱਖ ਬਦਲੀ ਗਈ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 7.90 ਕਰੋਡ਼ ਰੁਪਏ ਹੈ ਅਤੇ ਇਹ ਹੁਣ ਆਖਰੀ ਪਡ਼ਾਅ ’ਚ ਹੈ। ਇਹ ਪ੍ਰਾਜੈਕਟ 26 ਜਨਵਰੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਰਸਮੀ ਉਦਘਾਟਨ ਕਰਨਗੇ। ਇਹ ਖੁਲਾਸਾ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਚਿਡ਼ੀਆਘਰ ਵਿਖੇ ਇਸ ਵਿਆਪਕ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸਿੱਧੂ ਨੇ ਮੀਡੀਆ ਕਰਮਚਾਰੀਅਾਂ ਨੂੰ ਨਾਲ ਲੈ ਕੇ ਪੂਰੇ ਚਿਡ਼ੀਆਘਰ ਦਾ ਦੌਰਾ ਕਰ ਕੇ ਨਵੇਂ ਪ੍ਰਾਜੈਕਟ ਦਿਖਾਏ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਦੇ ਵਕਫੇ ਦੌਰਾਨ ਚਿਡ਼ੀਆਘਰ ’ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਪ੍ਰਤੀ ਸਾਲ ਸਾਢੇ ਪੰਜ ਲੱਖ ਤੋਂ ਵਧ ਕੇ ਸਾਢੇ ਅੱਠ ਲੱਖ ਹੋ ਗਈ ਹੈ। ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਸੈਲਾਨੀਆਂ ਦੀ ਗਿਣਤੀ 10 ਲੱਖ ਤੱਕ ਪਹੁੰਚਾਉਣ ਦਾ ਟੀਚਾ ਹੈ। ਸਿੱਧੂ ਨੇ ਇਸ ਮੌਕੇ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਵਿਸ਼ੇਸ਼ ਬੱਸ ਦਾ ਵੀ ਉਦਘਾਟਨ ਕੀਤਾ। ਇਸ ਬੱਸ ਅੰਦਰ ਸੂਬੇ ’ਚ ਮੌਜੂਦ ਵੱਖ-ਵੱਖ ਸੈਰ-ਸਪਾਟਾ ਥਾਵਾਂ ਦੀ ਜਾਣਕਾਰੀ, ਤਸਵੀਰਾਂ ਅਤੇ ਵੀਡੀਓ ਫਿਲਮਾਂ ਚੱਲਣਗੀਆਂ। ਇਸ ਦੌਰਾਨ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ, ਪ੍ਰਮੁੱਖ ਮੁੱਖ ਵਣਪਾਲ (ਜੰਗਲੀ ਜੀਵ) ਕੁਲਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
