ਸਰਕਾਰੀ ਸਕੂਲ ਰਾਮਗੜ੍ਹ ਦੇ ਦਰਜਨ ਬੱਚਿਆਂ ਨੂੰ ਹੋਈ ਚਿਕਨਪੋਕਸ, ਹਸਪਤਾਲ ਦਾਖਲ

Wednesday, Mar 14, 2018 - 07:26 AM (IST)

ਸਰਕਾਰੀ ਸਕੂਲ ਰਾਮਗੜ੍ਹ ਦੇ ਦਰਜਨ ਬੱਚਿਆਂ ਨੂੰ ਹੋਈ ਚਿਕਨਪੋਕਸ, ਹਸਪਤਾਲ ਦਾਖਲ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਪਿੰਡ ਰਾਮਗੜ੍ਹ ਦੇ ਸਰਕਾਰੀ ਸਕੂਲ 'ਚ ਸਕੂਲੀ ਬੱਚਿਆਂ ਨੂੰ ਚਿਕਨਪੋਕਸ (ਛੋਟੀ ਮਾਤਾ) ਦੀ ਬੀਮਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਇਸ ਬੀਮਾਰੀ ਤੋਂ ਪ੍ਰਭਾਵਿਤ 12 ਬੱਚਿਆਂ ਨੂੰ ਜਾਂਚ ਲਈ ਲਿਆਂਦਾ ਗਿਆ। ਡਾਕਟਰਾਂ ਨੇ ਇਨ੍ਹਾਂ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਬੱਚਿਆਂ ਨੂੰ ਚਿਕਨਪੋਕਸ ਹੋਈ ਹੈ, ਉਨ੍ਹਾਂ 'ਚ ਮਨਦੀਪ ਕੌਰ, ਗੁਰਸ਼ਰਨਜੀਤ ਸਿੰਘ, ਰਾਜਨਪ੍ਰੀਤ ਕੌਰ, ਆਕਾਸ਼ ਨੂਰ ਕੌਰ, ਅਨਪ੍ਰੀਤ ਕੌਰ, ਯਸ਼ਪ੍ਰੀਤ ਸਿੰਘ, ਪ੍ਰਦੀਪ ਸਿੰਘ, ਗੁਰਬਚਨ ਸਿੰਘ, ਪ੍ਰਦੀਪ ਸਿੰਘ, ਮਹਿੰਦਰ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।
ਕੀ ਹਨ ਬੀਮਾਰੀ ਦੇ ਲੱਛਣ
* ਸਰੀਰ 'ਤੇ ਪਾਣੀ ਵਾਲੇ ਦਾਣੇ ਹੋ ਜਾਂਦੇ ਹਨ
* ਤੇਜ਼ ਬੁਖਾਰ, ਗਲਾ ਖ਼ਰਾਬ
* ਸਿਰ ਦਰਦ, ਸਰੀਰ ਟੁੱਟਣਾ। 
ਇਕ ਹਫਤਾ ਕਰਨਾ ਚਾਹੀਦੈ ਮਰੀਜ਼ ਨੂੰ ਆਰਾਮ : ਡਾ. ਸਿੱਧੂ
ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਬੀਮਾਰੀ ਆਮ ਤੌਰ 'ਤੇ ਬੱਚਿਆਂ 'ਚ ਹੀ ਫੈਲਦੀ ਹੈ। ਇਸ ਬੀਮਾਰੀ ਨੂੰ ਰੋਕਣ ਲਈ ਬਚਪਨ 'ਚ ਟੀਕੇ ਲਵਾਉਣੇ ਚਾਹੀਦੇ ਹਨ। ਬੀਮਾਰੀ ਨੂੰ ਠੀਕ ਕਰਨ ਲਈ ਮਰੀਜ਼ ਨੂੰ ਇਕ ਹਫ਼ਤਾ ਘਰ 'ਚ ਆਰਾਮ ਕਰਨਾ ਚਾਹੀਦਾ ਹੈ ਅਤੇ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਇਹ ਬੀਮਾਰੀ ਇਕ ਦੂਜੇ ਨੂੰ ਛੂਹਣ ਨਾਲ ਫੈਲਦੀ ਹੈ। ਮਰੀਜ਼ ਦੇ ਕੱਪੜੇ ਵੀ ਅਲੱਗ ਰੱਖਣੇ ਚਾਹੀਦੇ ਹਨ। ਮਰੀਜ਼ਾਂ ਨੂੰ ਜ਼ਿਆਦਾਤਰ ਤਰਲ ਪਦਾਰਥ ਹੀ ਦੇਣੇ ਚਾਹੀਦੇ ਹਨ। ਥੋੜ੍ਹੀ ਜਿਹੀ ਸਾਵਧਾਨੀ ਨਾਲ ਹੀ ਇਹ ਮਰੀਜ਼ ਠੀਕ ਹੋ ਜਾਂਦੇ ਹਨ। 
ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ 'ਤੇ ਕੀਤੀ ਜਾਵੇਗੀ ਕਾਰਵਾਈ : ਡੀ. ਸੀ.
ਜਦੋਂ ਇਸ ਸਬੰਧੀ ਡੀ. ਸੀ. ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੀ. ਈ. ਓ. ਸੈਕੰਡਰੀ ਅੱਜ ਛੁੱਟੀ 'ਤੇ ਸਨ। ਇਸ ਲਈ ਪੀ. ਸੀ. ਐੱਸ. ਅਧਿਕਾਰੀ ਹਿਮਾਂਸ਼ੂ ਗੁਪਤਾ ਦੀ ਡਿਊਟੀ ਲਾਈ ਗਈ ਹੈ ਕਿ ਪਿੰਡ ਰਾਮਗੜ੍ਹ ਵਿਖੇ ਫੌਰੀ ਤੌਰ 'ਤੇ ਰਾਹਤ ਦੇ ਕੰਮ ਸ਼ੁਰੂ ਕੀਤੇ ਜਾਣ। ਪ੍ਰਸ਼ਾਸਨ ਵੱਲੋਂ ਇਹ ਵੀ ਦੇਖਿਆ ਜਾਵੇਗਾ ਕਿ ਜੇਕਰ ਇਸ ਮਾਮਲੇ 'ਚ ਕਿਸੇ ਕਰਮਚਾਰੀ ਨੇ ਲਾਪ੍ਰਵਾਹੀ ਕੀਤੀ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।


Related News