ਪੰਜਾਬ 'ਚ ਪੰਚਾਇਤੀ ਚੋਣਾਂ ’ਚ ਯੋਗ ਨੁਮਾਇੰਦੇ ਲਿਆਉਣ ਸਬੰਧੀ ਸੂਬੇ ਭਰ ’ਚ ਕੱਢਿਆ ਜਾਵੇਗਾ 'ਚੇਤਨਾ ਮਾਰਚ'

Tuesday, Jul 23, 2024 - 09:55 AM (IST)

ਚੰਡੀਗੜ੍ਹ (ਨਵਿੰਦਰ) : 2 ਸਤੰਬਰ ਤੋਂ 30 ਸਤੰਬਰ ਤੱਕ ਪਿੰਡ ਚੱਪੜਚਿੜੀ ਤੋਂ ਸਰਾਭਾ ਤੱਕ ਪੰਚਾਇਤੀ ਚੋਣਾਂ ’ਚ ਯੋਗ ਨੁਮਾਇੰਦਿਆਂ ਨੂੰ ਲਿਆਉਣ ਲਈ 'ਲੋਕ ਚੇਤਨਾ ਮਾਰਚ' ਕੀਤਾ ਜਾਵੇਗਾ। ਇਹ ਐਲਾਨ ‘ਪਿੰਡ ਬਚਾਓ, ਪੰਜਾਬ ਬਚਾਓ’ ਦੇ ਆਗੂ ਸਾਬਕਾ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਕੇਵਲ ਸਿੰਘ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡਾ ਦੇਸ਼ ਲੋਕ ਰਾਜ ਹੈ ਪਰ ਗ੍ਰਾਮ ਸਭਾ ਤੋਂ ਲੋਕ ਸਭਾ ਤੱਕ ਰਾਜਨੀਤੀ ਗੰਧਲੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ

ਇਸ ’ਚ ਸੁਧਾਰ ਲੋਕਾਂ ਦੀ ਚੇਤਨਾ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ’ਚ ਸਮਾਗਮ ਕੀਤਾ ਜਾਵੇਗਾ, ਜਿਸ ’ਚ ਪੰਚਾਇਤਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਬਿਨਾਂ ਨਸ਼ੇ ਤੋਂ ਸਰਵ ਸੰਮਤੀ ਨਾਲ ਲੋਕਾਂ ਨੂੰ ਉਹ ਉਮੀਦਵਾਰ ਚੁਣਨ ਦਾ ਸੱਦਾ ਦਿੱਤਾ ਜਾਵੇਗਾ, ਜੋ ਕਿਸੇ ਧੜੇ ਜਾਂ ਪਾਰਟੀ ਦੇ ਨਾ ਹੋਣ। ਇਸ ਮੌਕੇ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਪਾਟੋਧਾੜ ਹੋਏ ਪਿੰਡਾਂ ’ਚ ਮੁੜ ਭਾਈਚਾਰਕ ਸਾਂਝ ਬਣਾਉਣ ਲਈ ਪੰਚਾਇਤੀ ਸੰਸਥਾਵਾਂ ’ਚ ਸਾਫ਼-ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਚੋਣਾਂ ’ਚ ਜਿਤਾਇਆ ਜਾਵੇ, ਜੋ ਗ੍ਰਾਮ ਸਭਾ ਰਾਹੀਂ ਲੋਕਾਂ ਦੀ ਸਲਾਹ ਨਾਲ ਬਿਨਾਂ ਕਿਸੇ ਦਬਾਅ ਤੋਂ ਆਜ਼ਾਦ ਤੌਰ ’ਤੇ ਕੰਮ ਕਰਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ਵਾਸੀਆਂ ਲਈ ਵੱਡਾ ਤੋਹਫ਼ਾ, MP ਸ਼ੇਰ ਸਿੰਘ ਘੁਬਾਇਆ ਨੇ ਕੀਤਾ ਐਲਾਨ (ਵੀਡੀਓ)

ਕੇਂਦਰੀ ਸਿੰਘ ਸਭਾ ਦੇ ਆਗੂ ਡਾ. ਖ਼ੁਸ਼ਹਾਲ ਸਿੰਘ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਆਪਣਾ ਧੜਾ ਮਜ਼ਬੂਤ ਕਰਨ ਲਈ ਚੋਣਾਂ ਲੜਦੀਆਂ ਹਨ ਪਰ ਉਹ ਖ਼ੁਦ ਲੋਕਾਂ ਨੂੰ ਅਧਿਕਾਰ ਦੇਣ ਦੇ ਵਿਰੋਧੀ ਹਨ। ਇਸੇ ਲਈ 30 ਸਾਲਾਂ ਤੋਂ ਪੰਚਾਇਤੀ ਸੰਸਥਾਵਾਂ ਨੂੰ ਮਿਲੇ ਵਿੱਤੀ ਤੇ ਪ੍ਰਸ਼ਾਸਨਿਕ ਅਧਿਕਾਰ ਨਹੀਂ ਦਿੱਤੇ ਜਾ ਰਹੇ। ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਮੁਕੱਦਮੇਬਾਜ਼, ਦਲਾਲਨੁਮਾ ਵਿਅਕਤੀਆਂ ਦਾ ਇਨ੍ਹਾਂ ਚੋਣਾਂ ’ਚ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ। ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ ਤੋਂ ਕਰਨੈਲ ਸਿੰਘ ਜਖੇਪਲ ਨੇ ਕਿਹਾ ਇਨ੍ਹਾਂ ਚੋਣਾਂ ’ਚ ਖ਼ਰਚ ਕਰਨ ਦੀ ਕੋਈ ਲੋੜ ਨਹੀਂ ਤੇ ਜੋ ਖ਼ਰਚ ਕਰੇਗਾ, ਉਹ ਪਿੰਡਾਂ ਲਈ ਕੰਮ ਕਰਨ ਦੀ ਬਜਾਏ ਨਿੱਜੀ ਮੁਨਾਫ਼ਾ ਕਮਾਉਣ ਲਈ ਕੰਮ ਕਰੇਗਾ। ਇਸ ਮੌਕੇ ਪ੍ਰੋ. ਸ਼ਾਮ ਸਿੰਘ, ਦਰਸ਼ਨ ਸਿੰਘ ਧਨੇਠਾ, ਕਿਰਨਜੀਤ ਕੌਰ ਝੁਨੀਰ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News