ਮੁਹੱਲਾ ਕਲੀਨਿਕ 15 ਅਗਸਤ ਤੋਂ ਹੋਣਗੇ ਕਾਰਜਸ਼ੀਲ : ਚੇਤਨ ਸਿੰਘ ਜੌੜਾਮਾਜਰਾ

07/12/2022 3:54:28 PM

ਚੰਡੀਗੜ੍ਹ : ਸਿਹਤ ਸੰਭਾਲ ਪ੍ਰਣਾਲੀ 'ਚ ਮਹੱਤਵਪੂਰਨ ਸੁਧਾਰ ਕਰਨ ਅਤੇ ਸੂਬੇ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ 'ਮੁਹੱਲਾ ਕਲੀਨਿਕ' ਕਾਰਜਸ਼ੀਲ ਕਰੇਗੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਭਰ 'ਚ ਬਣਾਏ ਇਹ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ 'ਚ ਸਹਾਈ ਹੋਣਗੇ, ਜਿਸ ਨਾਲ ਸਿਹਤ ਸੇਵਾਵਾਂ ਦੀ ਹਰੇਕ ਵਰਗ ਤੱਕ ਪਹੁੰਚ, ਖ਼ਰਚਿਆਂ ਨੂੰ ਘਟਾਉਣ, ਰੋਗਾਂ ਦੀ ਪਛਾਣ 'ਚ ਸੁਧਾਰ ਕਰਨ ਅਤੇ ਕਮਜ਼ੋਰ ਤੇ ਘੱਟ ਗਿਣਤੀ ਵਰਗਾਂ ਲਈ ਰੈਫਰਲ ਲਿੰਕੇਜ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਮਿਲੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ 'ਚ ਆਪਣੇ ਬਿਆਨ 'ਚ ਦੱਸਿਆ ਸੀ ਕਿ ਪਹਿਲੇ ਪੜਾਅ ਦੌਰਾਨ 75ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ, 2022 ਤੱਕ ਸੂਬੇ ਭਰ 'ਚ 75 ਮੁਹੱਲਾ ਕਲੀਨਿਕ ਕਾਰਜਸ਼ੀਲ ਕਰ ਦਿੱਤੇ ਜਾਣਗੇ। ਇਸ ਵਿੱਤੀ ਸਾਲ ਦੇ ਅਖ਼ੀਰ ਤੱਕ 109 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਮੰਤਰੀ ਨੇ ਅੱਗੇ ਦੱਸਿਆ ਕਿ ਹਰ ਮੁਹੱਲਾ ਕਲੀਨਿਕ 'ਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਹੋਵੇਗਾ। ਮੁਹੱਲਾ ਕਲੀਨਿਕਾਂ 'ਚ ਮਰੀਜ਼ਾਂ ਦੇ ਆਧਾਰ 'ਤੇ ਸਟਾਫ਼ ਨੂੰ ਸੂਚੀਬੱਧ ਕੀਤਾ ਜਾਵੇਗਾ।

ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਮਾਮੂਲੀ ਜ਼ਖ਼ਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜ਼ਾਂ ਨੂੰ ਦੇਖ-ਭਾਲ ਪ੍ਰਦਾਨ ਕਰਨਗੇ। ਇਨ੍ਹਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖ-ਭਾਲ ਲਈ ਰੈਫਰਲ ਅਤੇ ਬਾਅਦ 'ਚ ਫਾਲੋ-ਅੱਪ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਸਿੱਖਿਆ, ਜਾਣਕਾਰੀ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ 'ਤੇ ਵੀ ਧਿਆਨ ਦਿੱਤਾ ਜਾਵੇਗਾ।


Babita

Content Editor

Related News