ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

Saturday, Jun 29, 2024 - 04:25 PM (IST)

ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਪੱਟੀ ਲਈ ਸੰਭਾਵਤ ਫਲ ਤੇ ਫੁੱਲ, ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਦੇ ਮਕਸਦ ਨਾਲ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੇ ਜੰਮੂ-ਕਸ਼ਮੀਰ ਦਾ ਪੰਜ ਦਿਨਾਂ ਐਕਸਪੋਜ਼ਰ ਦੌਰਾ ਕੀਤਾ। ਕੈਬਨਿਟ ਮੰਤਰੀ ਅਤੇ ਕਿਸਾਨਾਂ ਵੱਲੋਂ ਬਾਗ਼ਬਾਨੀ ਨਾਲ ਸਬੰਧਤ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਜ਼ (ਜ਼ਵੂਰਾ, ਸ੍ਰੀਨਗਰ), ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸ ਅਤੇ ਟੈਕਨਾਲੌਜੀ (ਕਸ਼ਮੀਰ), ਸੈਫ਼ਰਨ ਪਾਰਕ (ਦੁੱਸੂ, ਪੁਲਵਾਮਾ), ਸੈਂਟਰਲ ਇੰਸਟੀਚਿਊਟ ਫ਼ਾਰ ਟੈਂਪਰੇਟ ਹੌਰਟੀਕਲਚਰ, ਮਾਡਲ ਹਾਈਡੈਂਸਟੀ ਐਪਲ ਓਰਚਰਡ (ਸ੍ਰੀਨਗਰ), ਆਲੂ ਫ਼ਾਰਮ (ਗੁਲਮਾਰਗ), ਇੰਡਸਟਰੀਅਲ ਗਰੋਥ ਸੈਂਟਰ (ਲਾਸੀਪੋਰਾ) ਅਤੇ ਰੇਸ਼ਮ ਸਬੰਧੀ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ - ਕੇਂਦਰੀ ਰੇਸ਼ਮ ਬੋਰਡ (ਪਾਮਪੋਰ) ਦਾ ਦੌਰਾ ਕਰਦਿਆਂ ਵੱਖ-ਵੱਖ ਜਾਣਕਾਰੀ ਇਕੱਤਰ ਕੀਤੀ ਗਈ।

ਬਾਗ਼ਬਾਨੀ ਵਿਭਾਗ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਲੋਂ ਪੰਜਾਬ ਨਾਲ ਸਬੰਧਤ ਬਾਗ਼ਬਾਨੀ ਫ਼ਸਲਾਂ ਦੀ ਖੇਤੀ, ਨਵੀਆਂ ਤਕਨੀਕਾਂ ਦੀ ਵਰਤੋਂ ਦੀ ਜਾਣਕਾਰੀ ਅਤੇ ਭਵਿੱਖ ਵਿਚ ਪੰਜਾਬ ਵਿਚ ਬਾਗ਼ਬਾਨੀ ਦੇ ਮਿਆਰ ਨੂੰ ਬਿਹਤਰ ਕਰਨ ਸਬੰਧੀ ਨਾਖ, ਆੜੂ, ਅਲੂਚੇ ਅਤੇ ਸੇਬ ਦੀਆਂ ਲੋਅ ਚਿਲਿੰਗ ਵਾਲੀਆਂ ਕਿਸਮਾਂ ਅਤੇ ਰੇਸ਼ਮ ਸਬੰਧੀ ਰਿਲਿੰਗ ਯੂਨਿਟ ਸਥਾਪਿਤ ਕਰਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਮੌਜੂਦਾ ਸਮੇਂ ਮੁਤਾਬਕ ਵੱਧ ਮੁਨਾਫ਼ੇ ਵਾਲੇ ਫਲ ਤੇ ਫੁੱਲ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਲੜੀ ਨੂੰ ਅੱਗੇ ਵਧਾਉਣ ਲਈ ਇਹ ਦੌਰਾ ਮਹੱਤਵਪੂਰਨ ਸਾਬਤ ਹੋਵੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਖੇਤਰ 'ਚ ਮੌਸਮ ਬਾਕੀ ਸੂਬੇ ਦੇ ਮੁਕਾਬਲੇ ਠੰਢਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਸੰਭਾਵੀ ਫਲ ਤੇ ਫੁੱਲ ਪੈਦਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਜੰਮੂ-ਕਸ਼ਮੀਰ ਤੋਂ ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਸਹਾਇਤਾ ਲਈ ਜਾ ਸਕਦੀ ਹੈ। ਇਸ ਦੇ ਨਾਲ ਹੀ ਬਾਗ਼ਬਾਨੀ ਮੰਤਰੀ ਅਤੇ ਅਧਿਕਾਰੀਆਂ ਨੇ ਪੰਜਾਬ ਵਿੱਚ ਕੋਲਡ ਸਟੋਰ ਅਤੇ ਪ੍ਰੋਸੈਸਿੰਗ ਇੰਡਸਟਰੀ ਨੂੰ ਲੈ ਕੇ ਆਉਣ ਲਈ ਵੱਖ-ਵੱਖ ਇੰਡਸਟਰੀਅਲ ਗਰੋਥ ਸੈਂਟਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਸੂਬੇ ਦੇ ਸਾਜ਼ਗਾਰ ਮਾਹੌਲ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ। ਬਾਗ਼ਬਾਨੀ ਮੰਤਰੀ ਨਾਲ ਗਏ ਅਗਾਂਹਵਧੂ ਕਿਸਾਨਾਂ ਦੇ ਵਫ਼ਦ ਵਿਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸੰਯਮ ਅਗਰਵਾਲ, ਬਾਗ਼ਬਾਨੀ ਵਿਭਾਗ ਦੇ ਡਾ. ਦਲਬੀਰ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਾ. ਹਰਪ੍ਰੀਤ ਸਿੰਘ ਸੇਠੀ ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਾ. ਸੰਦੀਪ ਗਰੇਵਾਲ ਸਹਾਇਕ ਡਾਇਰੈਕਟਰ ਬਾਗ਼ਬਾਨੀ (ਪਟਿਆਲਾ), ਡਾ. ਲਖਬੀਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ (ਹੁਸ਼ਿਆਰਪੁਰ) ਸ਼ਾਮਲ ਸਨ।


author

Gurminder Singh

Content Editor

Related News