ਪੰਜਾਬ ਦੇ 28,000 ਕੈਮਿਸਟ ਕੱਲ ਨੂੰ ਕਰਨਗੇ ਹਡ਼ਤਾਲ

Sunday, Jul 29, 2018 - 03:43 AM (IST)

ਪੰਜਾਬ ਦੇ 28,000 ਕੈਮਿਸਟ ਕੱਲ ਨੂੰ ਕਰਨਗੇ ਹਡ਼ਤਾਲ

ਲੁਧਿਆਣਾ(ਸਹਿਗਲ)- 30 ਜੁਲਾਈ ਨੂੰ ਪੰਜਾਬ ਭਰ ਦੇ ਕੈਮਿਸਟ ਹਡ਼ਤਾਲ ਕਰਨਗੇ ਅਤੇ  ਰਾਜ ਵਿਚ ਦਵਾਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ।  ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਜੀ. ਐੱਸ. ਚਾਵਲਾ ਤੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਪੁਲਸ, ਤਹਿਸੀਲਦਾਰ  ਤੇ ਪਟਵਾਰੀ ਆਦਿ ਨਾਨ-ਟੈਕਨੀਕਲ ਅਧਿਕਾਰੀਆਂ ਵਲੋਂ ਕੈਮਿਸਟਾਂ ਨੂੰ ਪ੍ਰੇਸ਼ਾਨ ਕੀਤਾ ਜਾਣਾ ਜਾਰੀ ਹੈ। ਪਿਛਲੇ 20 ਦਿਨਾਂ ’ਚ ਪੰਜਾਬ ’ਚ 1350 ਕੈਮਿਸਟਾਂ ’ਤੇ ਛਾਪਾਮਾਰੀ ਕੀਤੀ ਗਈ ਹੈ। ਇਨ੍ਹਾਂ ’ਚ 3-4 ਕੈਮਿਸਟਾਂ ਦੇ ਕੋਲ ਨੀਂਦ ਅਤੇ ਨਸ਼ੇ ਦੀਆਂ ਬਿਨਾਂ ਬਿੱਲ ਦੀਆਂ ਦਵਾਈਆਂ ਮਿਲੀਆਂ ਹਨ, ਜਦੋਂਕਿ ਹੋਰਨਾਂ ਨੂੰ ਸਿਰਫ ਪ੍ਰੇਸ਼ਾਨੀ ਝੱਲਣੀ ਪਈ ਹੈ। ਉਨ੍ਹਾਂ ਕਿਹਾ ਕਿ 20 ਦਿਨ ਪਹਿਲਾਂ ਵਧੀਕ ਸਿਹਤ ਸਕੱਤਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਕੈਮਿਸਟਾਂ ’ਤੇ ਉਪਰੋਕਤ ਤਰ੍ਹਾਂ ਦੀ ਜ਼ਿਆਦਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਐਸੋਸੀਏਸ਼ਨ ਗਲਤ ਕੰਮ ਕਰਨ ਵਾਲੇ ਕੈਮਿਸਟਾਂ ਦਾ ਸਾਥ ਨਹੀਂ ਦੇਵੇਗੀ, ਸਗੋਂ ਉਨ੍ਹਾਂ ਨੂੰ ਪਤਾ ਲੱਗਣ ’ਤੇ ਪੁਲਸ ਨੂੰ ਸੂਚਿਤ ਕੀਤਾ ਜਾਵੇਗਾ।  ਹਾਲਾਂਕਿ ਡਰੱਗ ਐਂਡ ਕਾਸਮੈਟਿਕ ਐਕਟ ਦੇ ਤਹਿਤ ਡਰੱਗ ਵਿਭਾਗ ਹੀ ਕੈਮਿਸਟਾਂ ਦੀ ਜਾਂਚ ਕਰ ਸਕਦਾ ਹੈ।
ਰੁੱਸਿਆਂ ਨੂੰ ਮਨਾ ਲੈਣਗੇ
 ਇਸ ਹਡ਼ਤਾਲ ਵਿਚ ਰਿਟੇਲ ਕੈਮਿਸਟਾਂ ਦੇ ਆਨਾਕਾਨੀ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਐਸੋਸੀਏਸ਼ਨ ਦਾ ਸਾਥ ਦੇਣ। ਕੱਲ ਉਨ੍ਹਾਂ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ ਜਾਵੇਗੀ। ਜੇਕਰ ਉਹ ਨਾ ਮੰਨੇ ਤਾਂ ਫਿਰ ਐਸੋਸੀਏਸ਼ਨ ਸਮੂਹਿਕ ਫੈਸਲੇ ਤੋਂ ਬਾਅਦ ਸਖਤ ਐਕਸ਼ਨ ਲਵੇਗੀ। ਦੂਜੇ ਪਾਸੇ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਜਨਰਲ ਸਕੱਤਰ ਰਾਜੀਵ ਸਿੰਘਲ ਨੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਇਸ ਹਡ਼ਤਾਲ ਵਿਚ ਪੂਰਾ ਸਹਿਯੋਗ ਦੇਣ ਲਈ ਕਿਹਾ ਹੈ। ਆਪਣੇ ਲਿਖੇ ਪੱਤਰ ਵਿਚ ਸਿੰਘਲ ਨੇ ਕਿਹਾ ਕਿ ਇਹ 28 ਹਜ਼ਾਰ ਕੈਮਿਸਟਾਂ ਦੇ ਹਿੱਤਾਂ ਦੀ ਗੱਲ ਹੈ। ਇਸ ਲਈ ਸਾਰਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
89 ਫੀਸਦੀ ਨਸ਼ਾ ਚਰਸ,ਅਫੀਮ ਤੇ ਚਿੱਟੇ ਦਾ
 ਜੀ. ਐੱਸ. ਚਾਵਲਾ ਤੇ ਸੁਰਿੰਦਰ ਦੁੱਗਲ ਨੇ ਪਿਛਲੇ ਦਿਨੀਂ ਏਮਸ ਨਵੀਂ ਦਿੱਲੀ ਅਤੇ ਪੀ. ਜੀ. ਆਈ. ਵਲੋਂ ਪੰਜਾਬ ਵਿਚ ਕਰਵਾਏ ਗਏ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਵੇ ਰਿਪੋਰਟ ਦੇ ਮੁਤਾਬਕ ਪੰਜਾਬ ’ਚ 89 ਨਸ਼ੇਡ਼ੀ ਅਫੀਮ, ਚਰਸ  ਤੇ ਚਿੱਟੇ ਦੇ  ਆਦੀ ਹਨ। 10 ਤੋਂ 11 ਫੀਸਦੀ ਲੋਕ ਮੈਡੀਕਲ ਨਸ਼ਾ ਕਰਦੇ ਹਨ। ਕੈਮਿਸਟ ਇਕ ਜਗ੍ਹਾ ਬੈਠੇ ਹਨ ਤੇ ਲਾਇਸੈਂਸ ਲੈ ਕੇ ਦਵਾ ਵੇਚਦੇ ਹਨ। ਉਨ੍ਹਾਂ ’ਤੇ ਨਾਜਾਇਜ਼ ਛਾਪਾਮਾਰੀ ਹੋ ਰਹੀ ਹੈ। ਫਿਰ ਮੈਡੀਕਲ ਨਸ਼ਾ ਆਨਲਾਈਨ ਵੀ ਆ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਾਖੋਰੀ ਰੋਕਣ ਲਈ ਸਿਰਫ ਮਿੱਟੀ ਨਾ ਝਾਡ਼ੇ, ਕੁਝ ਸਾਰਥਕ ਕੰਮ ਕਰੇ। ਉਹ ਸਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹਨ।


Related News