ਕੈਪਟਨ ਅਮਰਿੰਦਰ ਸਿੰਘ ''ਤੇ ਚੀਮਾ ਦਾ ਵੱਡਾ ਬਿਆਨ, ਕਿਹਾ ਸ਼ਰਾਬ ਮਾਫ਼ੀਆ ਸਣੇ ਸਾਰੇ ਮਾਫ਼ੀਏ ਦਾ ਸਰਗਨਾ

05/15/2020 2:09:30 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਿੱਧਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਆਬਕਾਰੀ ਸਮੇਤ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਸ਼ਰੇਆਮ ਲੁੱਟ ਦੀ ਅਸਲੀ ਜੜ੍ਹ ਖ਼ੁਦ ਮੁੱਖ ਮੰਤਰੀ ਹਨ। ਕੈਪਟਨ ਅਮਰਿੰਦਰ ਜਿੰਨੀ ਛੇਤੀ ਕੁਰਸੀ ਤੋਂ ਉਤਰਨਗੇ, ਇਸੇ 'ਚ ਹੀ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਹੈ। ਚੀਮਾ ਨੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ ਨੂੰ ਕਿਹਾ ਕਿ ਉਹ ਅਫ਼ਸਰਾਂ ਨਾਲ ਖਹਿਬੜਨ ਦੀ ਥਾਂ ਆਪਣੀ ਹਾਈਕਮਾਨ 'ਤੇ ਕੈਪਟਨ ਨੂੰ ਚੱਲਦਾ ਕਰਨ ਲਈ ਫ਼ੈਸਲਾਕੁਨ ਦਬਾਅ ਬਣਾਉਣ ਅਤੇ ਜਾਂ ਫੇਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਆਪਣੇ ਰੁਤਬੇ ਅਹੁਦੇ ਕੁਰਬਾਨ ਕਰਨ ਦੀ ਜੁਰਅਤ ਦਿਖਾਉਣ।

ਇਹ ਵੀ ਪੜ੍ਹੋ : ਕੋਵਿਡ-19 ਸਬੰਧੀ ਕੈਪਟਨ ਕੱਲ੍ਹ ਫੇਸਬੁੱਕ 'ਤੇ ਲਾਈਵ ਹੋ ਕੇ ਸਿੱਧਾ ਜਨਤਾ ਦੇ ਸਵਾਲਾਂ ਦੇ ਦੇਣਗੇ ਜਵਾਬ

ਹਰਪਾਲ ਚੀਮਾ ਵੀਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ, ਹਰਚੰਦ ਸਿੰਘ ਬਰਸਟ, ਮਨਜੀਤ ਸਿੰਘ ਸਿੱਧੂ, ਗੋਬਿੰਦਰ ਮਿੱਤਲ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਮੌਜੂਦ ਸਨ। ਚੀਮਾ ਨੇ ਕਿਹਾ ਜਿਵੇਂ ਅਕਾਲੀ-ਭਾਜਪਾ ਰਾਜ 'ਚ ਸੁਖਬੀਰ ਬਾਦਲ ਸਾਰੇ ਮਾਫ਼ੀਏ ਦਾ 'ਸਰਗਨਾ' ਸੀ, ਉਸੇ ਭੂਮਿਕਾ 'ਚ ਹੁਣ ਕੈ. ਅਮਰਿੰਦਰ ਸਿੰਘ ਹਨ। ਚੀਮਾ ਮੁਤਾਬਿਕ, 'ਇਹ ਜੋ ਅਫ਼ਸਰ ਅਤੇ ਮੰਤਰੀ-ਵਿਧਾਇਕ ਬਿੱਲੀਆਂ ਵਾਂਗ ਲੜ ਰਹੇ ਹਨ, ਇਹ ਸਭ ਤਾਂ 'ਮੋਹਰੇ' ਹਨ ਅਸਲੀ 'ਅਲੀਬਾਬਾ' ਤਾਂ ਖ਼ੁਦ ਕੈ. ਅਮਰਿੰਦਰ ਸਿੰਘ ਹਨ। ਜੋ ਆਪਣੇ ਕਿਸੇ ਸ਼ਾਹੀ ਫਾਰਮ ਹਾਊਸ 'ਚ ਬੈਠ ਕੇ ਨੀਰੋ ਵਾਂਗ ਨਜ਼ਾਰੇ ਲੈ ਰਹੇ ਹਨ। ਦਰਬਾਰੀ ਕਿਵੇਂ ਜੂਤ-ਪਤਾਣ ਹੋ ਰਹੇ ਹਨ ਅਤੇ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਕਾਰਨ ਪੰਜਾਬ ਦੇ ਲੋਕ ਕਿਵੇਂ ਤ੍ਰਾਹ-ਤ੍ਰਾਹ ਕਰ ਰਹੇ ਹਨ, 'ਮਹਾਰਾਜੇ' ਨੂੰ ਕੋਈ ਪ੍ਰਵਾਹ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਘੱਟੋ-ਘੱਟ ਆਪਣੀ ਲੋਕੇਸ਼ਨ ਹੀ ਜਨਤਕ ਕਰ ਦੇਣ। ਚੀਮਾ ਨੇ ਕਾਂਗਰਸੀਆਂ ਮੰਤਰੀਆਂ-ਵਿਧਾਇਕਾਂ ਨੂੰ ਕਿਹਾ ਕਿ ਜੇਕਰ ਤਿੰਨ ਸਾਲਾਂ ਬਾਅਦ ਸੱਚਮੁੱਚ ਹੀ ਉਨ੍ਹਾਂ ਅੰਦਰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਲਈ ਦਰਦ ਜਾਗਿਆ ਹੈ ਤਾਂ ਹੁਣ ਉਹ ਇਸ ਬਿਮਾਰੀ ਦੀ ਜੜ੍ਹ ਵੱਢ ਕੇ ਹੀ ਦਮ ਲੈਣ।

ਇਹ ਵੀ ਪੜ੍ਹੋ : ਹੋਮ ਗਾਰਡਜ਼, ਸਿਵਲ ਡਿਫੈਂਸ ਤੇ ਵਾਲੰਟੀਅਰ ਕੋਰੋਨਾ ਯੋਧਿਆਂ ਦੇ ਤੌਰ 'ਤੇ ਸਨਮਾਨਿਤ 

ਉਨ੍ਹਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੀ ਅਗਨ ਪ੍ਰੀਖਿਆ ਹੁਣ ਸ਼ੁਰੂ ਹੋ ਚੁੱਕੀ ਹੈ। ਮੋਹ 'ਚ ਸੈਟਿੰਗ ਕਰ ਗਏ ਜਾਂ ਮੁਕੱਦਮਿਆਂ ਤੋਂ ਡਰ ਕੇ ਅੱਧ ਵੱਟਿਓ ਪਿੱਛੇ ਹਟ ਗਏ ਤਾਂ ਪੰਜਾਬ ਦੇ ਲੋਕਾਂ ਲਈ ਇਹ ਕੈਪਟਨ-ਬਾਦਲਾਂ ਤੋਂ ਵੀ ਵੱਡੇ ਖਲਨਾਇਕ ਹੋਣਗੇ। ਚੀਮਾ ਨੇ ਸੂਬੇ 'ਚੋਂ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨ ਲਈ ਦਿੱਲੀ ਅਤੇ ਤਾਮਿਲਨਾਡੂ ਸਰਕਾਰਾਂ ਵਾਂਗ ਪੰਜਾਬ 'ਚ ਵੀ ਸਰਕਾਰੀ ਸ਼ਰਾਬ ਨਿਗਮ ਬਣਾਉਣ ਅਤੇ ਸ਼ਰਾਬ ਤੋਂ ਹੁੰਦੀ ਆਮਦਨੀ 'ਚ 6200 ਕਰੋੜ ਰੁਪਏ ਦੀ ਥਾਂ 18000 ਕਰੋੜ ਰੁਪਏ ਦਾ ਵਾਧਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ। ਚੀਮਾ ਨੇ ਆਬਕਾਰੀ ਸਮੇਤ ਬਾਕੀ ਸਾਰੇ ਮਾਫ਼ੀਏ ਵਲੋਂ ਪੰਜਾਬ ਦੀ ਲੁੱਟ ਬਾਰੇ ਸਿੱਧਾ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਹਾਈਕੋਰਟ ਦੇ ਮੌਜੂਦਾ ਜੱਜਾਂ ਦਾ 'ਇਨਕੁਆਰੀ ਕਮਿਸ਼ਨ' ਬਿਠਾਉਣ ਦੀ ਮੰਗ ਕੀਤੀ ਜੋ ਸਮਾਂਬੱਧ ਰਿਪੋਰਟ ਦੇਵੇ। ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਮਾਫ਼ੀਆ ਅਤੇ ਉਨ੍ਹਾਂ ਦੇ ਆਲਾ ਅਫ਼ਸਰਾਂ-ਸਿਆਸਤਦਾਨਾਂ ਦੇ ਬਚਾਅ ਲਈ ਅਜਿਹਾ ਨਾ ਕੀਤਾ ਤਾਂ ਆਮ ਆਦਮੀ ਪਾਰਟੀ 2022 'ਚ ਸੱਤਾ 'ਚ ਆਉਣ ਉਪਰੰਤ ਸਭ ਤੋਂ ਪਹਿਲਾਂ ਇਹ ਜਾਂਚ ਕਮਿਸ਼ਨ ਬੈਠਾਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਵੇਗੀ।


Anuradha

Content Editor

Related News