ਨਵੀਆਂ ਈ. ਵੀ. ਐੱਮ. ਮਸ਼ੀਨਾਂ ਦੀ ਪਹਿਲੇ ਪੱਧਰ ਦੀ ਚੈਕਿੰਗ

Thursday, Aug 02, 2018 - 02:29 AM (IST)

ਨਵੀਆਂ ਈ. ਵੀ. ਐੱਮ. ਮਸ਼ੀਨਾਂ ਦੀ ਪਹਿਲੇ ਪੱਧਰ ਦੀ ਚੈਕਿੰਗ

ਚੰਡੀਗਡ਼੍ਹ, (ਰਾਜਿੰਦਰ)- ਸ਼ਹਿਰ ਵਿਚ ਨਵੀਆਂ ਈ. ਵੀ. ਐੱਮ. ਮਸ਼ੀਨਾਂ ਦੀ ਬੁੱਧਵਾਰ ਨੂੰ ਪਹਿਲੇ ਪੱਧਰ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਸ਼ੀਨਾਂ ਬਾਰੇ ਦੱਸਣ ਲਈ ਇਕ ਟੀਮ ਵੀ ਮੌਜੂਦ ਸੀ।  ਇਸ ਤੋਂ ਇਲਾਵਾ ਸੂਚਨਾ ਤਕਨੀਕੀ, ਚੋਣ ਵਿਭਾਗ ਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਵਰਕਸ਼ਾਪ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਇਹ ਨਵੀਆਂ ਮਸ਼ੀਨਾਂ ਅਾਪਰੇਟ ਹੋਣਗੀਆਂ ਤੇ ਇਨ੍ਹਾਂ ਦਾ ਇਸਤੇਮਾਲ ਹੋਵੇਗਾ।  
 ਜ਼ਿਕਰਯੋਗ ਹੈ ਕਿ ਸ਼ਹਿਰ ’ਚ ਅੱਗੇ ਜੋ ਵੀ ਚੋਣਾਂ ਹੋਣਗੀਆਂ,  ਉਸ ’ਚ ਪਹਿਲੀ ਵਾਰ ਹੀ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਹੋਵੇਗਾ। ਵੀ. ਵੀ. ਪੈਟ ਮਸ਼ੀਨ ਨੂੰ ਵੀ ਵਰਤਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਮਸ਼ੀਨ ਦਾ ਇਹ ਲਾਭ ਹੈ ਕਿ ਇਸ ਨਾਲ ਸਕਰੀਨ ’ਤੇ ਵੋਟਰ ਆਪਣੀ  ਵੋਟ  ਠੀਕ ਉਮੀਦਵਾਰ ਨੂੰ ਜਾਣ ਦੀ ਪੁਸ਼ਟੀ ਕਰ ਸਕਦਾ ਹੈ। ਮਸ਼ੀਨ ਦੀ ਸਕਰੀਨ ’ਤੇ ਸੱਤ ਸੈਕੰਡਾਂ ਲਈ ਵੋਟ ਦੀ ਸਾਰੀ ਜਾਣਕਾਰੀ ਕਾਗਜ਼ ’ਤੇ ਪ੍ਰਿੰਟ ਹੋ ਕੇ ਵੋਟਰ ਨੂੰ ਵਿਖਾਈ ਦਿੰਦੀ ਹੈ। ਉਸ ਤੋਂ ਬਾਅਦ ਉਹ ਪਰਚੀ ਦੇ ਰੂਪ ’ਚ ਕੱਟ ਕੇ ਮਸ਼ੀਨ ’ਚ ਡਿਗ ਜਾਂਦੀ ਹੈ, ਜੋ ਕਿ ਵੋਟਿੰਗ ਸਮੇਂ ਸੀਲ ਪੈਕ ਹੋਵੇਗੀ ਤੇ ਵਿਸ਼ੇਸ਼ ਹਾਲਤਾਂ ’ਚ ਹੀ ਖੋਲ੍ਹ ਕੇ ਉਸ ’ਚ ਇਕੱਠੀਆਂ ਪਰਚੀਆਂ ਦੀ ਗਿਣਤੀ ਕੀਤੀ ਜਾ ਸਕੇਗੀ। 
 ਇਸ ਸਬੰਧੀ ਜੁਆਇੰਟ ਚੀਫ ਇਲੈਕਟੋ੍ਲ ਅਫਸਰ ਅਰਜਨ ਸ਼ਰਮਾ ਨੇ ਦੱਸਿਆ ਕਿ ਈ. ਵੀ. ਐੱਮ. ਸਬੰਧੀ  ਇਹ ਇਕ ਤਰ੍ਹਾਂ ਦੀ ਪਹਿਲੇ ਪੱਧਰ ਦੀ ਚੈਕਿੰਗ ਸੀ, ਜਿਸ ਲਈ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਇਸ ਵਿਚ ਨਵੀਆਂ ਮਸ਼ੀਨਾਂ ਬਾਰੇ ਹੀ ਦੱਸਿਆ ਗਿਆ ਹੈ ਕਿ ਉਸਦਾ ਕਿਵੇਂ ਇਸਤੇਮਾਲ ਹੋਣਾ ਹੈ ਤੇ ਉਸ ’ਚ ਕਿਹਡ਼ੀਆਂ ਨਵੀਆਂ ਵਿਸ਼ੇਸ਼ਤਾਵਾਂ ਹਨ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਐੱਮ. 3 ਕੈਟਾਗਰੀ ਦੀਆਂ ਨਵੀਆਂ ਈ. ਵੀ. ਐੱਮ. ਤਿਆਰ ਕਰਵਾਈਆਂ ਹਨ।  ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚ ਟੈਂਪਰਿੰਗ ਡਿਟੇਕਸ਼ਨ ਦਾ ਫੀਚਰ ਹੈ। ਮਤਲਬ ਛੇਡ਼ਛਾਡ਼ ਦੀ ਹਲਕੀ ਜਿਹੀ ਕੋਸ਼ਿਸ਼ ’ਤੇ ਵੀ ਈ. ਵੀ. ਐੱਮ. ਬੰਦ ਹੋ ਜਾਵੇਗੀ। ਦੁਬਾਰਾ ਚਲਾਉਣ ’ਤੇ ਇਸਦੀ ਸਕਰੀਨ ’ਤੇ ‘ਟੈਂਪਰ ਡਿਟੈਕਟ’ ਦਾ ਮੈਸੇਜ ਵਿਖੇਗਾ। 
 ਪੰਚਾਇਤੀ ਚੋਣਾਂ ਲਈ ਤਿਆਰ ਕੀਤਾ ਹੈ ਡਰਾਫਟ 
 ਚੰਡੀਗਡ਼੍ਹ ਪ੍ਰਸ਼ਾਸਨ ਨੇ ਗਰਾਮ ਪੰਚਾਇਤ ਚੋਣ ਵੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ  (ਈ. ਵੀ. ਐੱਮ.) ਨਾਲ ਕਰਵਾਉਣ ਦੀ ਤਿਆਰੀ ਕੀਤੀ ਹੈ। ਇਸ ਲਈ ਪ੍ਰਸ਼ਾਸਨ ਨੇ ਡਰਾਫਟ ਤਿਆਰ ਕਰਕੇ ਉਸਨੂੰ ਵੈੱਬਸਾਈਟ ’ਤੇ ਅੱਪਲੋਡ ਕਰਕੇ ਲੋਕਾਂ ਤੋਂ ਇਤਰਾਜ਼ ਮੰਗੇ ਹਨ ਤੇ ਇਸ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਚੰਡੀਗਡ਼੍ਹ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਉਹ ਇਸਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਦੇ ਲੋਕ ਵੀ ਇਸਦੇ ਵਿਰੋਧ ’ਚ ਹੀ ਹਨ ਤੇ ਸਾਰੇ ਆਪਣੇ ਇਤਰਾਜ਼ ਦਰਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਈ. ਵੀ. ਐੱਮ. ਪਿੰਡ  ਦੇ ਬਜ਼ੁਰਗ ਲੋਕਾਂ ਦੀ ਸਮਝ ਤੋਂ ਬਾਹਰ ਹੈ,  ਇਸ ਲਈ ਬੈਲੇਟ ਪੇਪਰ ਨਾਲ ਹੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।   
ਵਾਦ-ਵਿਵਾਦ ਤੋਂ ਮਿਲੇਗਾ ਛੁਟਕਾਰਾ  
 ਈ. ਵੀ. ਐੱਮ. ਨਾਲ ਚੋਣਾਂ ਕਰਵਾਉਣ ਨਾਲ ਗਰਾਮ ਪੰਚਾਇਤ ਚੋਣਾਂ ’ਚ ਜੋ ਵਾਦ-ਵਿਵਾਦ ਹੁੰਦਾ ਹੈ, ਉਸ ਤੋਂ ਵੀ ਛੁਟਕਾਰਾ ਮਿਲ ਸਕੇਗਾ।  ਬੈਲੇਟ ਪੇਪਰ ਨਾਲ ਚੋਣਾਂ ਨਾਲ ਪਿੰਡ ’ਚ ਲਡ਼ਾਈ ਤੇ ਚੋਣਾਂ ’ਚ ਪ੍ਰੇਸ਼ਾਨੀ ਹੁੰਦੀ ਰਹਿੰਦੀ ਹੈ ਤੇ ਵੋਟਾਂ ਦੀ ਗਿਣਤੀ ਵੀ ਦੇਰ ਤਕ ਚਲਦੀ ਹੈ ਜੇਕਰ ਚੋਣਾਂ ਈ. ਵੀ. ਐੱਮ. ਨਾਲ ਕਰਵਾਈਆਂ ਜਾਣਗੀਆਂ ਤਾਂ ਚੋਣ ਨਤੀਜਾ ਜਲਦੀ ਆਵੇਗਾ,  ਲਡ਼ਾਈ-ਝਗਡ਼ੇ ਘੱਟ ਹੋਣਗੇ ਤੇ ਖਰਚ ’ਚ ਵੀ ਕਟੌਤੀ ਆਵੇਗੀ।   
 


Related News