ਚੈਕਿੰਗ ਦੌਰਾਨ 30 ਕਿਲੋ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ

Tuesday, Jun 26, 2018 - 03:37 AM (IST)

ਚੈਕਿੰਗ ਦੌਰਾਨ 30 ਕਿਲੋ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ

 ਫ਼ਰੀਦਕੋਟ,  (ਹਾਲੀ)-   ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ  ਸ਼ਹਿਰ ਦੇ ਲੋਕਾਂ ਨੂੰ  ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਅਤੇ ਗਿੱਲੇ ਤੇ ਸੁੱਕੇ ਕੂਡ਼ੇ ਨੂੰ ਵੱਖ-ਵੱਖ ਕਰ ਕੇ ਪਾਉਣ ਲਈ ਸਵੱਛ ਭਾਰਤ ਮਿਸ਼ਨ ਸਬੰਧੀ ਚਲਾਈਆਂ ਗਈਆਂ 10 ਰਿਕਸ਼ਾ ਰੇਹਡ਼ੀਆਂ ਸਫ਼ਲਤਾਪੂਰਵਕ ਕੰਮ ਕਰ ਰਹੀਆਂ ਹਨ। ਇਨ੍ਹਾਂ ਦੀ ਸਹਾਇਤਾ ਲਈ ਕਮਿਊਨਿਟੀ ਫੈਸਿਲੀਟੇਟਰ ਜਸਵੀਰ ਕੌਰ ਅਤੇ 3 ਮੋਟੀਵੇਟਰ ਲਾਏ ਗਏ ਹਨ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਅੱਜ ਇੱਥੇ ਗੱਲਬਾਤ ਕਰਦਿਅਾਂ ਦਿੱਤੀ।  ਇਸ ਸਮੇਂ ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਲਾਏ 3 ਮੋਟੀਵੇਟਰ ਦੀਪਕ ਕੁਮਾਰ, ਨਮੀ ਅਰੋਡ਼ਾ ਅਤੇ ਅਮਿਤ ਕੁਮਾਰ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਰੋਜ਼ਾਨਾ ਦੌਰਾ ਕੀਤਾ ਜਾਂਦਾ ਹੈ, ਜਿਸ ਦੌਰਾਨ ਉਹ ਘਰੇਲੂ ਅੌਰਤਾਂ ਨੂੰ ਗਿੱਲੇ ਅਤੇ ਸੁੱਕੇ ਕੂਡ਼ੇ ਨੂੰ ਵੱਖ-ਵੱਖ ਰੱਖਣ ਸਬੰਧੀ ਪ੍ਰੇਰਿਤ ਕਰਦੇ ਹਨ। ਇਸ ਤੋਂ ਇਲਾਵਾ ਕੂਡ਼ੇ ਨੂੰ ਅੱਗ ਨਾ ਲਾਉਣ, ਖਾਲੀ ਪਲਾਟਾਂ ’ਚ ਕੂਡ਼ਾ ਨਾ ਸੁੱਟਣ ਅਤੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਅਾਂ ਨੂੰ ਨਾ ਵਰਤਣ ਲਈ ਵੀ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਰਿਕਸ਼ਾ ਰੇਹਡ਼ੀਆਂ ਘੱਟ ਹਨ  ਪਰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਹੋਰ ਰੇਹਡ਼ੀਆਂ ਦਾ ਪ੍ਰਬੰਦ ਕੀਤਾ ਜਾਵੇਗਾ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਸ. ਡੀ. ਐੱਮ. ਗੁਰਜੀਤ ਸਿੰਘ ਦੀ ਅਗਵਾਈ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਰੋਹਿਤ ਸਿੰਗਲਾ, ਨਗਰ ਕੌਂਸਲ ਫਰੀਦਕੋਟ ਇੰਸਪੈਕਟਰ ਦਵਿੰਦਰ ਸਿੰਘ, ਵੀਰਪਾਲ ਸਿੰਘ ਅਤੇ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਸਵੇਰ ਸਮੇਂ ਚੈਕਿੰਗ ਦੌਰਾਨ ਸਬਜ਼ੀ ਮੰਡੀ ’ਚੋਂ 30 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਚੈਕਿੰਗ ਦੌਰਾਨ 4 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ ਅਤੇ ਈਕੋ ਫਰੈਂਡਲੀ ਲਿਫਾਫਿਆਂ ਦੀ ਵੰਡ ਮੁਫ਼ਤ ਕੀਤੀ ਗਈ। 
ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ, ਜੇਕਰ ਕੋਈ ਪਲਾਸਟਿਕ ਦੇ ਲਿਫਾਫੇ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਗਲਾ ਨੇ ਇਨ੍ਹਾਂ ਲਿਫਾਫਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲਿਫ਼ਾਫੇ ਲੰਮੇ ਸਮੇਂ ਤੱਕ ਗਲਦੇ ਨਹੀਂ ਅਤੇ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ। 
 


Related News