ਸਿਹਤ ਵਿਭਾਗ ਦੀ ਟੀਮ ਵੱਲੋਂ ਰੈਸਟੋਰੈਂਟਾਂ ਤੇ ਫਲਾਂ-ਸਬਜ਼ੀਆਂ ਦੀਆਂ ਦੁਕਾਨਾਂ ’ਤੇ ਚੈਕਿੰਗ
Thursday, Jul 26, 2018 - 06:44 AM (IST)

ਬੇਗੋਵਾਲ/ਸੁਭਾਨਪੁਰ, (ਰਜਿੰਦਰ)- ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਅੱਜ ਬੇਗੋਵਾਲ, ਨਡਾਲਾ ਤੇ ਸੁਭਾਨਪੁਰ ਵਿਖੇ ਰੈਸਟੋਰੈਂਟਾਂ ਤੇ ਫਲਾਂ-ਸਬਜ਼ੀਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਵਾਲੀ ਇਸ ਟੀਮ ’ਚ ਫੂਡ ਸੇਫਟੀ ਅਫਸਰ ਸਤਨਾਮ ਸਿੰਘ ਤੇ ਹੋਰ ਅਧਿਕਾਰੀ ਸ਼ਾਮਲ ਸਨ। ਅੱਜ ਦੀ ਚੈਕਿੰਗ ਦੌਰਾਨ ਟੀਮ ਨੇ ਵੱਖ-ਵੱਖ ਥਾਵਾਂ ਤੋਂ ਕੁੱਲ 7 ਸੈਂਪਲ ਭਰੇ, ਜਿਨ੍ਹਾਂ ’ਚ ਪਨੀਰ, ਕੇਲਾ, ਭਿੰਡੀ, ਫੈਨ, ਰਾਇਤਾ, ਖਜ਼ੂਰ ਤੇ ਪਾਣੀ ਆਦਿ ਸ਼ਾਮਲ ਹੈ। ਡਾ. ਹਰਜੋਤ ਪਾਲ ਸਿੰਘ ਨੇ ਕਿਹਾ ਕਿ ਸੈਂਪਲ ਫੇਲ ਹੋਣ ਦੀ ਸੂਰਤ ’ਚ ਦੋਸ਼ੀਆਂ ਖਿਲਾਫ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਰੈਸਟੋਰੈਂਟਾਂ ਨੂੰ ਹਦਾਇਤ ਕੀਤੀ ਕਿ ਉਹ ਫੂਡ ਸੇਫਟੀ ਲਾਇਸੰਸ ਬਣਵਾ ਕੇ ਉਨ੍ਹਾਂ ਨੂੰ ਆਪਣੇ ਅਦਾਰਿਆਂ ਦੀਆਂ ਮੁੱਖ ਥਾਵਾਂ ’ਤੇ ਲਗਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਪੰਜਾਬ ਸਰਕਾਰ ਵੇਲੋਂ ਸ਼ੁਰੂ ਕੀਤੇ ਗਏ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਅੱਜ ਦੀ ਚੈਕਿੰਗ ਕੀਤੀ ਗਈ ਹੈ।