ਖੇਤੀਬਾਡ਼ੀ ਵਿਭਾਗ ਵੱਲੋਂ ਅਚਨਚੇਤ ਚੈਕਿੰਗ

07/18/2018 12:40:37 AM

ਹੁਸ਼ਿਆਰਪੁਰ, (ਘੁੰਮਣ)- ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਵਿਨੇ ਸ਼ਰਮਾ ਦੀ ਅਗਵਾਈ ਵਿਚ ਖੇਤੀਬਾਡ਼ੀ ਵਿਭਾਗ ਦੀ ਟੀਮ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲੇ ਦੇ 105 ਡੀਲਰਾਂ ਦੀਅਾਂ  ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਕੀਟਨਾਸ਼ਕ, ਬੀਜ, ਖਾਦ ਦੇ ਸੈਂਪਲ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ ਬੀਜ ਦੇ 8 ਡੀਲਰਾਂ ਦੇ ਸੈਂਪਲ ਫੇਲ੍ਹ ਪਾਏ ਗਏ। ਵਿਭਾਗ ਨੇ 2 ਡੀਲਰਾਂ ਦੇ ਬੀਜ ਦੇ ਲਾਇਸੈਂਸ 1 ਮਹੀਨੇ ਲਈ ਖਾਰਜ ਕਰ ਦਿੱਤੇ, ਜਦਕਿ 6 ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਜੇਕਰ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਦੇ ਲਾਇਸੈਂਸ ਵੀ 1 ਮਹੀਨੇ ਲਈ ਖਾਰਜ ਕਰ ਦਿੱਤੇ ਜਾਣਗੇ। 
ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਵਿਨੇ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਵਿਭਾਗ ਦੀ ਟੀਮ, ਜਿਨ੍ਹਾਂ ਵਿਚ ਡਾ. ਸੁਰਿੰਦਰ ਸਿੰਘ, ਡਾ. ਜਸਵੀਰ ਸਿੰਘ ਅਤੇ ਡਾ. ਦਵਿੰਦਰ ਸਿੰਘ ਨੇ ਜ਼ਿਲੇ ਦੇ 105 ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਕੀਟਨਾਸ਼ਕ ਦੇ 48, ਬੀਜ ਦੇ 143 ਅਤੇ ਖਾਦ ਦੇ 37 ਸੈਂਪਲ ਚੈੱਕ ਕੀਤੇ ਗਏ। ਕੁਝ ਕੀਟਨਾਸ਼ਕਾਂ ਅਤੇ ਖਾਦ ਦੇ ਕੁਝ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ, ਜਦਕਿ ਕੁਝ ਦੀ ਆਉਣੀ ਬਾਕੀ ਹੈ। ਬੀਜ ਦੇ ਚੈੱਕ ਕੀਤੇ ਸੈਂਪਲਾਂ ਵਿਚੋਂ 8 ਡੀਲਰਾਂ ਦੇ ਸੈਂਪਲ ਫੇਲ੍ਹ ਹੋ ਗਏ। ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ 2 ਡੀਲਰਾਂ ਡਡਵਾਲ ਖਾਦ ਸਟੋਰ ਧੂਤਕਲਾਂ, ਗੌਤਮ ਖਾਦ ਸਟੋਰ ਹਾਜੀਪੁਰ ਦੇ ਲਾਇਸੈਂਸ ਇਕ ਮਹੀਨੇ ਲਈ ਖਾਰਜ ਕਰ ਦਿੱਤੇ ਗਏ ਹਨ, ਜਦਕਿ ਬਾਕੀ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 10 ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ।
ਡਾ. ਸ਼ਰਮਾ ਨੇ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਦੇ ਤਹਿਤ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਭਰ ਕੇ ਉਨ੍ਹਾਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ਵਿਚ ਕਿਸਾਨਾਂ  ਨਾਲ ਕੋਈ ਖਿਲਵਾਡ਼ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਗਲਤ ਕੰਮ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


Related News