ਸਿੱਧੂ ਵਲੋਂ ਖਰੀਦੇ ਨੁਕਸਦਾਰ ਅੱਗ ਬੁਝਾਊ ਵਾਹਨਾਂ ਦੀ ਜਾਂਚ ਹੋਵੇ : ਮਜੀਠੀਆ

Friday, Jul 28, 2017 - 06:58 AM (IST)

ਸਿੱਧੂ ਵਲੋਂ ਖਰੀਦੇ ਨੁਕਸਦਾਰ ਅੱਗ ਬੁਝਾਊ ਵਾਹਨਾਂ ਦੀ ਜਾਂਚ ਹੋਵੇ : ਮਜੀਠੀਆ

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੀ ਕਾਰਜ ਸ਼ੈਲੀ ਦੀ ਤੁਲਨਾ ਅਜਿਹੀ ਨੁਕਸਦਾਰ ਮਸ਼ੀਨਰੀ ਨਾਲ ਕੀਤੀ ਹੈ, ਜਿਹੜੀ ਸ਼ੋਰ ਬਹੁਤ ਜ਼ਿਆਦਾ ਕਰਦੀ ਹੈ ਪਰ ਉਸ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਹੁੰਦੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਧੂ ਦੀ ਆਪਣੀ ਹਾਲਤ ਵੀ ਉਨ੍ਹਾਂ ਨੁਕਸਦਾਰ ਫਾਇਰ ਵਾਹਨਾਂ ਵਰਗੀ ਹੈ, ਜਿਹੜੇ ਉਸ ਵਲੋਂ ਮੰਗਲਵਾਰ ਨੂੰ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਲਾਂਚ ਕੀਤੇ ਗਏ ਸਨ ਪਰ ਇਨ੍ਹਾਂ ਫਾਇਰ ਵਾਹਨਾਂ ਨੇ ਅਗਲੇ ਹੀ ਦਿਨ ਅੱਗ ਬੁਝਾਉਣ ਦੀ ਥਾਂ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂ ਨੇ ਇਨ੍ਹਾਂ ਫਾਇਰ ਵਾਹਨਾਂ ਦੇ ਨਿਰਮਾਣ ਉੱਤੇ ਉਂਗਲ ਉਠਾਉਂਦਿਆਂ ਕਿਹਾ ਕਿ ਕੀ ਇਹ ਫਾਇਰ ਵਾਹਨ ਨਵੇਂ ਬਣਾਏ ਗਏ ਸਨ ਜਾਂ ਫਿਰ ਸਿੱਧੂ ਨੇ ਜਲਦੀ ਕੰਮ ਨਿਪਟਾਉਣ ਦੀ ਕਾਹਲ ਵਿਚ ਪੁਰਾਣੇ ਵਾਹਨਾਂ ਨੂੰ ਰੰਗ-ਰੋਗਨ ਕਰ ਕੇ ਮੀਡੀਆ ਸਾਹਮਣੇ ਪੇਸ਼ ਕਰ ਦਿੱਤਾ ਸੀ? ਅਕਾਲੀ ਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਕਾਹਲ ਕਿਸੇ ਕੰਮ ਦੀ ਨਹੀਂ ਹੁੰਦੀ, ਜਿਹੜੇ ਦੂਜਿਆਂ ਦਾ ਫਾਇਦਾ ਕਰਨ ਦੀ ਥਾਂ ਉਲਟਾ ਨੁਕਸਾਨ ਕਰਦੀ ਹੋਵੇ। ਉਨ੍ਹਾਂ ਕਿਹਾ ਕਿ ਸਿੱਧੂ ਵਲੋਂ ਅੱਗ ਬੁਝਾਊ ਮਸ਼ੀਨਰੀ ਤਿਆਰ ਕਰਵਾਉਣ ਸਮੇਂ ਵਰਤੀ ਗਈ ਅਜਿਹੀ ਲਾਪ੍ਰਵਾਹੀ ਬਹੁਤ ਸਾਰੇ ਲੋਕਾਂ ਵਾਸਤੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਕ ਮੰਤਰੀ ਅਹੁਦੇ ਉੱਤੇ ਬੈਠੇ ਵਿਅਕਤੀ ਕੋਲੋਂ ਅਜਿਹੀ ਗੈਰ-ਜ਼ਿੰਮੇਵਾਰਾਨਾ ਹਰਕਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅਕਾਲੀ ਆਗੂ ਨੇ ਸਿੱਧੂ ਵੱਲੋਂ ਮੰਗਲਵਾਰ ਨੂੰ ਅੱਗ ਬੁਝਾਊ ਵਾਹਨਾਂ ਨੂੰ ਦਿਖਾਈ ਹਰੀ ਝੰਡੀ ਮੌਕੇ ਆਪ ਵਿਧਾਇਕ ਦਲ ਦੇ ਡਿਪਟੀ ਆਗੂ ਅਮਨ ਅਰੋੜਾ ਦੀ ਮੌਜੂਦਗੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਭ ਕੁੱਝ ਸਪੱਸ਼ਟ ਹੋ ਗਿਆ ਹੈ। ਸਿੱਧੂ ਅਤੇ ਅਰੋੜਾ ਦੀ ਦੋਸਤੀ ਨੇ ਸਾਬਿਤ ਕਰ ਦਿੱਤਾ ਹੈ ਕਿ ਆਪ ਕਾਂਗਰਸ ਦੀ ਬੀ ਟੀਮ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਦਿੱਲੀ ਵਿਚ ਆਪ ਦੀ ਸਰਕਾਰ ਬਣਾਉਣ ਵਿਚ ਮਦਦ ਕੀਤੀ ਸੀ, ਫਿਰ ਰਾਸ਼ਟਰਪਤੀ ਦੀ ਚੋਣ ਵਿਚ ਮੀਰਾ ਕੁਮਾਰ ਨੂੰ ਵੋਟਾਂ ਪਾ ਕੇ ਆਪ ਨੇ ਕਾਂਗਰਸ ਦਾ ਮੁੱਲ ਮੋੜਿਆ।


Related News