ਕੈਪਟਨ ਤੋਂ ਬਾਅਦ ਹਰਸਿਮਰਤ ਦਾ ਪਾਕਿ ਮੰਤਰੀ ਨੂੰ ਮੂੰਹ ਤੋੜ ਜਵਾਬ
Wednesday, Aug 14, 2019 - 06:52 PM (IST)

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿ ਮੰਤਰੀ ਚੌਧਰੀ ਫਵਾਦ ਹੁਸੈਨ ਦੇ ਪੰਜਾਬੀ ਫੌਜੀਆਂ ਨੂੰ ਉਕਸਾਉਣ ਵਾਲੇ ਟਵੀਟ 'ਤੇ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿ ਨੂੰ ਠੋਕਵਾਂ ਜਵਾਬ ਦਿੱਤਾ ਹੈ। ਹਰਸਿਮਰਤ ਨੇ ਕਿਹਾ ਕਿ ਪਾਕਿਸਤਾਨ ਮੰਤਰੀ ਦੇ ਇਸ ਟਵੀਟ ਤੋਂ ਹਤਾਸ਼ਾ ਝਲਕੀ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬੀ ਦੇਸ਼ ਭਗਤ ਹਨ ਅਤੇ ਉਹ ਆਪਣੇ ਦੇਸ਼ 'ਤੇ ਬਲਿਦਾਨ ਦੇਣ ਤੋਂ ਵੀ ਪਿੱਛੇ ਨਹੀਂ ਹੱਟਦੇ। ਇਸ ਲਈ ਚੌਧਰੀ ਫਵਾਦ ਸਾਨੂੰ ਆਪਣੇ ਫਰਜ਼ ਪ੍ਰਤੀ ਤੁਹਾਡੇ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪਾਕਿ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਇੰਡੀਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਭਾਰਤ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮ ਖਿਲਾਫ ਆਪਣੀ ਡਿਊਟੀ ਤੋਂ ਇਨਕਾਰ ਕਰ ਦਿਓ। ਚੌਧਰੀ ਫਵਾਦ ਦੇ ਇਸ ਟਵੀਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨੀ ਬੰਦ ਕਰੋ ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤੀ ਫੌਜ ਤੁਹਾਡੀ ਫੌਜ ਦੇ ਉਲਟ ਅਨੁਸ਼ਾਸਿਤ ਤੇ ਰਾਸ਼ਟਰਵਾਦੀ ਹੈ। ਤੁਹਾਡਾ ਭੜਕਾਊ ਬਿਆਨ ਕੰਮ ਨਹੀਂ ਕਰੇਗਾ ਤੇ ਨਾ ਹੀ ਸਾਡੀ ਫੌਜ ਦੇ ਜਵਾਬ ਤੁਹਾਡੀਆਂ ਵਿਵਾਦਵਾਦੀ ਗੱਲਾਂ ਵਿਚ ਆਉਣਗੇ।