ਡਰੋਨ ਰਾਹੀਂ ਪੰਜਾਬ ''ਚ ਹਥਿਆਰ ਡੇਗਣ ਦਾ ਮਾਮਲਾ, 5 ਖ਼ਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Saturday, Mar 05, 2022 - 12:21 PM (IST)
ਚੰਡੀਗੜ੍ਹ (ਭਾਸ਼ਾ) : ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ, ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਇਕ ਮਾਮਲੇ ਵਿਚ ਪਾਬੰਦੀਸ਼ੁਦਾ ਕੌਮਾਂਤਰੀ ਸੰਗਠਨ ‘ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ’ (ਆਈ. ਐੱਸ. ਵਾਈ. ਐੱਫ.) ਦੇ ਮੁਖੀ ਸਮੇਤ 5 ਖ਼ਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ।
ਰਾਸ਼ਟਰੀ ਜਾਂਚ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਵਿਚ ਲੁਕੇ ਮੋਗਾ ਦੇ ਆਈ. ਐੱਸ. ਵਾਈ. ਐੱਫ. ਮੁਖੀ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਅਤੇ ਉਸ ਦੇ 4 ਗ੍ਰਿਫ਼ਤਾਰ ਸਹਿਯੋਗੀਆਂ ਹਰਮੇਸ਼ ਸਿੰਘ ਉਰਫ਼ ਕਾਲੀ ਵਾਸੀ ਕਿਲਚੇ ਪਿੰਡ (ਫਿਰੋਜ਼ਪੁਰ), ਬੈਂਕੇ ਵਾਲੇ ਝੁੱਗੇ ਵਾਸੀ ਦਰਵੇਸ਼ ਸਿੰਘ ਉਰਫ਼ ਸ਼ਿੰਦਾ, ਜਲੰਧਰ ਦੇ ਨਿਊ ਹਰਦਿਆਲ ਨਗਰ ਦੇ ਗੁਰਮੁੱਖ ਸਿੰਘ ਅਤੇ ਗੁਰੂ ਨਾਨਕਪੁਰਾ (ਫਗਵਾੜਾ-ਕਪੂਰਥਲਾ) ਦੇ ਗਗਨਦੀਪ ਸਿੰਘ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਐੱਨ. ਆਈ. ਏ. ਨੇ ਕਿਹਾ ਕਿ ਮਾਮਲਾ ਸ਼ੁਰੂ ਵਿਚ 25 ਅਗਸਤ, 2021 ਨੂੰ ਫਿਰੋਜ਼ਪੁਰ ਦੇ ਮਮਦੋਟ ਥਾਣੇ ਵਿਚ ਦਰਜ ਕੀਤਾ ਗਿਆ ਸੀ। ਬਾਅਦ ਵਿਚ 6 ਨਵੰਬਰ, 2021 ਨੂੰ ਏਜੰਸੀ ਨੇ ਵੱਖ-ਵੱਖ ਧਾਰਾਵਾਂ ਤਹਿਤ ਫਿਰ ਤੋਂ ਰਜਿਸਟ੍ਰੇਸ਼ਨ ਕੀਤੀ ਸੀ।
ਬੁਲਾਰੇ ਨੇ ਕਿਹਾ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਲਈ ਭਾਰਤ-ਪਾਕਿ ਸਰਹੱਦ ਪਾਰ ਤੋਂ ਹਥਿਆਰਾਂ, ਗੋਲਾ-ਬਾਰੂਦ, ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਖੇਪ ਦੀ ਤਸਕਰੀ ਕੀਤੀ ਸੀ। ਇਹ ਨਾਜਾਇਜ਼ ਖੇਪ ਰੋਡੇ ਅਤੇ ਉਸ ਦੇ ਸਹਿਯੋਗੀਆਂ ਨੇ ਪਾਕਿਸਤਾਨ ਤੋਂ ਡਰੋਨ ਦੇ ਮਾਧਿਅਮ ਨਾਲ ਭੇਜੀ ਸੀ। ਬੁਲਾਰੇ ਨੇ ਕਿਹਾ ਕਿ ਇਹ ਖੇਪ ਸਹਿ-ਦੋਸ਼ੀਆਂ ਨੇ ਪ੍ਰਾਪਤ ਕੀਤੀ ਸੀ ਅਤੇ ਭਾਰਤ ਵਿਚ ਧਮਾਕਿਆਂ ਦੀਆਂ ਸਰਗਰਮੀਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਵਿਚ ਸ਼ਾਮਲ ਹੋਰ ਦੋਸ਼ੀਆਂ ਨੂੰ ਦਿੱਤੀ ਗਈ ਸੀ। ਸਾਰੇ ਦੋਸ਼ੀਆਂ ਖ਼ਿਲਾਫ਼ ਇਤਰਾਜ਼ਯੋਗ ਸਬੂਤ ਮਿਲੇ ਹਨ। ਐੱਨ. ਆਈ. ਏ. ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿਚ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਰੋਡੇ ਫ਼ਰਾਰ ਹੈ।