ਕਪੂਰਥਲਾ ’ਚ ਵਾਪਰੀ ਘਟਨਾ ’ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ-ਬੇਅਦਬੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ
Friday, Dec 24, 2021 - 11:58 AM (IST)
ਕਪੂਰਥਲਾ (ਵੈੱਬ ਡੈਸਕ)— ਬੀਤੇ ਦਿਨੀਂ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੌਰਾਨ ਮਾਰੇ ਗਏ ਨੌਜਵਾਨ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਵੱਡਾ ਬਿਆਨ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਪੂਰਥਲਾ ’ਚ ਹੋਈ ਘਟਨਾ ’ਤੇ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਕਪੂਰਥਲਾ ’ਚ ਕੋਈ ਵੀ ਬੇਅਦਬੀ ਦੀ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਲੋਕਾਂ ਦੀ ਭੀੜ ਵੱਲੋਂ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਪੰਜਾਬ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ’ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਲੰਧਰ ’ਚ ਵਧੀ ਸਖ਼ਤੀ, ਨਵੇਂ ਹੁਕਮ ਜਾਰੀ ਕਰਕੇ ਲਾਈਆਂ ਇਹ ਪਾਬੰਦੀਆਂ
ਇਥੇ ਦੱਸਣਯੋਗ ਹੈ ਕਿ 19 ਦਸੰਬਰ ਨੂੰ ਕਪੂਰਥਲਾ ਦੇ ਨਿਜ਼ਾਮਪੁਰ ’ਚ ਗੁਰਦੁਆਰਾ ਸਹਿਬ ’ਚ ਨੌਜਵਾਨ ਵੱਲੋਂ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ’ਚ ਇਕ ਨੌਜਵਾਨ ਦਾ ਸੰਗਤ ਵੱਲੋਂ ਸੋਧਾ ਲਗਾ ਦਿੱਤਾ ਗਿਆ ਸੀ। ਇਹ ਵਾਰਦਾਤ ਤੜਕੇ ਸਵੇਰੇ ਚਾਰ ਵਜੇ ਦੇ ਕਰੀਬ ਵਾਪਰੀ ਸੀ ਅਤੇ ਲੋਕਾਂ ਨੇ ਮੌਕੇ ’ਤੇ ਨੌਜਵਾਨ ਨੂੰ ਫੜ ਕੇ ਪਹਿਲਾਂ ਉਸ ਦਾ ਕੁਟਾਪਾ ਚਾੜਿਆ ਅਤੇ ਫਿਰ ਸੋਧਾ ਲਗਾ ਦਿੱਤਾ ਗਿਆ। ਗੁੱਸੇ ’ਚ ਆਈ ਭੀੜ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਵੀ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।
ਐੱਸ.ਐੱਸ.ਪੀ. ਨੇ ਦਿੱਤਾ ਸੀ ਇਹ ਬਿਆਨ
ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ’ਚ ਵਾਪਰੀ ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਨੂੰ ਲੈ ਕੇ ਐੱਸ. ਐੱਸ. ਪੀ. ਨੇ ਕਿਹਾ ਸੀ ਕਿ ਭੀੜ ਦੇ ਹੱਥੋਂ ਮਾਰਿਆ ਗਿਆ ਨੌਜਵਾਨ ਬੇਅਦਬੀ ਨਹੀਂ ਸਗੋਂ ਚੋਰੀ ਕਰਨ ਆਇਆ ਸੀ। ਕਪੂਰਥਲਾ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਸੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਨੌਜਵਾਨ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ। ਉਨ੍ਹਾਂ ਨੇ ਬੇਅਦਬੀ ਦੀ ਕੋਸ਼ਿਸ਼ ਦੀਆਂ ਸੰਭਾਵਾਨਾਂ ਨੂੰ ਖਾਰਿਜ ਕੀਤਾ ਸੀ। ਜਿਹੜੇ ਲੋਕਾਂ ਨੇ ਉਕਤ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਵੱਡਾ ਬਿਆਨ, ਕਾਂਗਰਸ ਨੂੰ ਬਿਕਰਮ ਦੇ ਸੁਫ਼ਨੇ ਆਉਂਦੇ ਸਨ ਤੇ ਉਨ੍ਹਾਂ ਦੇ ਨਾਂ ਤੋਂ ਕੰਬਦੇ ਸਨ
ਭੀੜ ਨੂੰ ਸਮਝਾਉਣ ਦੀ ਕੀਤੀ ਗਈ ਕੋਸ਼ਿਸ਼ ਪਰ ਉਹ ਨਹੀਂ ਮੰਨੇ
ਐੱਸ. ਐੱਸ. ਪੀ. ਖੱਖ ਨੇ ਕਿਹਾ ਸੀ ਕਿ ਪੁਲਸ ਨੇ ਇਥੇ ਆ ਕੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਹਿਲਾਂ ਹੀ ਵੀਡੀਓ ਪਾ ਦਿੱਤੀ ਸੀ। ਇਸੇ ਕਾਰਨ ਉਥੇ ਭੀੜ ਇਕੱਠੀ ਹੋਈ ਸੀ। ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਨਾਲ ਛੇੜਛਾੜ ਨਹੀਂ ਹੋਈ ਹੈ। ਇਸ ਦੇ ਬਾਵਜੂਦ ਲੋਕ ਨਹੀਂ ਮੰਨੇ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਪੁਲਸ ਸੋਸ਼ਲ ਮੀਡੀਆ ਦੀ ਵੀਡੀਓ ਅਤੇ ਦੂਜੇ ਸਬੂਤਾਂ ਦੇ ਜ਼ਰੀਏ ਪੂਰੇ ਮਾਮਲੇ ਦੀ ਜਾਂਚ ਕਰੇਗੀ।
ਮੁਲਜ਼ਮ ਦੇ ਗਲੇ ’ਚ ਪਾਏ ਮਿਲੇ ਸਨ ਆਈ. ਡੀ. ਕਾਰਡ
ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਮਾਰੇ ਗਏ ਨੌਜਵਾਨ ਕੋਲੋਂ ਗਲੇ ’ਚ ਪਾਏ ਕੁਝ ਆਈ ਕਾਰਡ ਮਿਲੇ ਸਨ। ਉਸ ਨੇ ਕਿਸੇ ਔਰਤ ਦੇ ਘਰੋਂ ਚੋਰੀ ਕੀਤੇ ਸਨ। ਮਹਿਲਾ ਦੇ ਬੱਚਿਆਂ ਦੇ ਪੁਰਾਣੇ ਆਈ. ਡੀ. ਕਾਰਡ ਵੀ ਸਨ, ਜਿਸ ਨੂੰ ਨੌਜਵਾਨ ਚੋਰੀ ਕਰਕੇ ਲੈ ਗਿਆ ਸੀ। ਉਨ੍ਹਾਂ ਨੂੰ ਉਹ ਗਲੇ ’ਚ ਪਾ ਕੇ ਘੁੰਮ ਰਿਹਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਦੇ ਬਾਅਦ ਮਹਾਨਗਰ ਜਲੰਧਰ ’ਚ ਵਧਾਈ ਗਈ ਸੁਰੱਖਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ