ਬੀਬੀ ਜਗੀਰ ਕੌਰ ਵਾਲੇ ਮਸਲੇ ’ਤੇ ਖੁੱਲ੍ਹ ਕੇ ਬੋਲੇ ਚਰਨਜੀਤ ਸਿੰਘ ਚੰਨੀ

05/27/2024 7:13:51 PM

ਜਲੰਧਰ (ਜਤਿੰਦਰ ਚੋਪੜਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੱਡੇ ਮਾਰਜਨ ਨਾਲ ਆਪਣੇ ਵਿਰੋਧੀਆਂ ਨੂੰ ਹਰਾਉਣਗੇ। ਚਰਨਜੀਤ ਸਿੰਘ ਚੰਨੀ ਨੇ ਚੋਣਾਂ ਸਬੰਧੀ ਕੀਤੀ ਗੱਲਬਾਤ ਦੌਰਾਨ ਪੁੱਛੇ ਗਏ ਸਵਾਲਾਂ ਦੇ ਬੇਬਾਕ ਜਵਾਬ ਦਿੱਤੇ ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ...

ਸਵਾਲ :  ਚੋਣ ਪ੍ਰਚਾਰ ਦੇ ਅੰਤਿਮ ਪੜਾਅ ’ਚ ਕਾਂਗਰਸ ਦੀ ਕਿੰਨੀ ਲਹਿਰ ਹੈ?
ਜਵਾਬ : ਕਾਂਗਰਸ ਚੋਣਾਂ ’ਚ ਬੇਹੱਦ ਚੰਗੀ ਪੁਜ਼ੀਸ਼ਨ ’ਤੇ ਹੈ, ਲੋਕ ਖੁਦ ਹੀ ਕਾਂਗਰਸ ਦੀਆਂ ਮੀਟਿੰਗਾਂ ਕਰਾਉਂਦੇ ਹਨ ਅਤੇ ਖੁਦ ਜਨਤਾ ਨੇ ਹੀ ਮੇਰੀ ਸਾਰੀ ਕੰਪੇਨ ਸੰਭਾਲੀ ਹੋਈ ਹੈ। ਜਲੰਧਰ ਦੇ ਲੋਕਾਂ ਕੋਲੋਂ ਉਨ੍ਹਾਂ ਜਿਸ ਤਰ੍ਹਾਂ ਪਿਆਰ, ਸਨੇਹ ਅਤੇ ਹਮਾਇਤ ਮਿਲ ਰਹੀ ਹੈ, ਉਸ ਨੂੰ ਦੇਖ ਕੇ ਉਨ੍ਹਾਂ ਦੇ ਦਿਲ ’ਚ ਜਿੱਤ ਨੂੰ ਲੈ ਕੇ ਕੋਈ ਸ਼ੱਕ ਨਹੀਂ ਰਿਹਾ, ਫਿਰ ਵੀ ਉਹ ਚੋਣ ਪ੍ਰਚਾਰ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਹੁਣ ਉਨ੍ਹਾਂ ਦਾ ਟਾਰਗੈੱਟ ਜਿੱਤ ਦਾ ਮਾਰਜਨ ਵਧਾਉਣ ’ਤੇ ਰਹੇਗਾ।

ਸਵਾਲ :  ਕਿਹੜੇ-ਕਿਹੜੇ ਵੱਡੇ ਮੁੱਦੇ ਚੋਣਾਂ ’ਚ ਉਠਾ ਰਹੇ ਹੋ?
ਜਵਾਬ : ਪੰਜਾਬ ਖ਼ਾਸ ਕਰ ਕੇ ਜਲੰਧਰ ’ਚ ਸਭ ਤੋਂ ਵੱਡੀ ਦਿੱਕਤ ਲਾਅ ਐਂਡ ਆਰਡਰ ਦੀ ਹੈ। ਰੋਜ਼ਾਨਾ ਦਿਨ ਦਿਹਾੜੇ ਸਨੈਚਿੰਗ, ਲੁੱਟ-ਮਾਰ, ਫਿਰੌਤੀ, ਡਾਕੇ, ਗੋਲੀਬਾਰੀ ਦੀਆਂ ਘਟਨਵਾਂ ਹੋ ਰਹੀਆਂ ਹਨ। ਕਾਨੂੰਨ ਵਿਵਸਥਾ ਦੀ ਹਾਲਤ ਬੇਹੱਦ ਭੈੜੀ ਹੋ ਚੁੱਕੀ ਹੈ, ਹਰੇਕ ਗਲੀ-ਮੁਹੱਲੇ ’ਚ ਨਸ਼ਾ ਵਿਕ ਰਿਹਾ ਹੈ। ਲੋਕ ਬਹੁਤ ਦੁਖੀ ਹਨ। ਬਾਕੀ ਮੁੱਦੇ ਬਾਅਦ ’ਚ ਪਹਿਲਾਂ ਨਸ਼ਾ ਮਾਫੀਆ ਤੇ ਗੈਂਗਸਟਰਾਂ ਕੋਲੋਂ ਲੋਕਾਂ ਨੂੰ ਨਿਜਾਤ ਦਿਵਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ : ਮਣੀਪੁਰ ਨੂੰ ਭਾਜਪਾ ਨੇ ਤਬਾਹ ਕਰ ਦਿੱਤਾ, ਆਮ ਲੋਕਾਂ ’ਚ ਸਰਕਾਰ ਪ੍ਰਤੀ ਰੋਸ : ਗਿਰੀਸ਼ ਚੋਡਾਨਕਰ

ਸਵਾਲ : ਆਖਰ ਕਿਸ ਦੀ ਸ਼ਹਿ ’ਤੇ ਵਿਕ ਰਿਹੈ ਨਸ਼ਾ?
ਜਵਾਬ : ‘ਆਪ’ ਆਗੂ ਜੋ ਭਾਜਪਾ ’ਚ ਵੀ ਚਲੇ ਗਏ ਹਨ, ਉਨ੍ਹਾਂ ਦੀ ਸ਼ਹਿ ’ਤੇ ਧੜੱਲੇ ਨਾਲ ਨਾਜਾਇਜ਼ ਕਾਰੋਬਾਰ ਹੋ ਰਿਹਾ ਹੈ। ਮੈਂ ਡੇਢ ਮਹੀਨੇ ਨਸ਼ਾ ਮਾਫੀਆ ਵਿਰੁੱਧ ਰੌਲਾ ਪਾਇਆ। ਪਹਿਲਾਂ ਸਰਕਾਰ ਦੀ ਹੋਲਡ ਸੀ, ਪੁਲਸ ਦੇ ਹੱਥ ਬੰਨ੍ਹੇ ਹੋਏ ਸਨ, ਇਲੈਕਸ਼ਨ ਕੋਡ ਲੱਗਾ ਸੀ ਤਾਂ ਪੁਲਸ ਨੇ ਪਿਛਲੇ ਦਿਨਾਂ ’ਚ ਨਸ਼ੇ ਦੀਆਂ 3 ਵੱਡੀਆਂ ਖੇਪਾਂ ਫੜੀਆਂ ਹਨ। ਫਿਲੌਰ ’ਚ ਭੁੱਕੀ ਦਾ ਟਰੱਕ ਫੜਿਆ ਗਿਆ, ਟਰੱਕ ਡਰਾਈਵਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਾ ਨੇੜਲਾ ਹੈ। ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਘਰੋਂ ਨਸ਼ੇ ਦੀਆਂ ਕਰੋੜਾਂ ਰੁਪਏ ਦੀ ਵੱਡੀ ਖੇਪ ਫੜੀ ਗਈ ਹੈ। ਨਸ਼ਾ ਫੜਿਆ ਤਾਂ ਕਿਸੇ ਹੋਰ ਦੇ ਘਰ ’ਚ ਗਿਆ ਪਰ ਹਾਈਕੋਰਟ ’ਚ ਬਲੈਂਕੇਟ ਬੇਲ ਲੈਣ ਅੰਗੁਰਾਲ ਭੱਜ ਗਿਆ। ਅਜਿਹੇ ਹਾਲਾਤ ਹਨ, ਜਿੰਨਾ ਦੱੜਾ-ਸੱਟਾ ਲਾਟਰੀ ਸਿਸਟਮ ਸ਼ੀਤਲ ਤੇ ਰਿੰਕੂ ਪਹਿਲਾਂ ਚਲਾਉਂਦੇ ਸੀ ਜਦਂ ਦੇ ਉਹ ਭਾਜਪਾ ’ਚ ਗਏ ਹਨ ਹੁਣ ਵਿਧਾਇਕ ਰਮਨ ਅਰੋੜਾ ਚਲਾ ਰਿਹਾ ਹੈ। ਹੁਣ ਨਸ਼ਾ, ਦੜਾ-ਸੱਟਾ, ਲਾਟਰੀ ਖਤਮ ਕਰਨੀ ਹੈ, ਇੱਥੇ ਮੈਂ ਰਹਾਂਗਾ ਜਾਂ ਮਾਫੀਆ ਰਹੇਗਾ।

ਸਵਾਲ : ਤੁਹਾਡੀ ਵੀਡੀਓ ਵਾਇਰਲ ਕਰ ਕੇ ਭੈ਼ੜੇ ਪ੍ਰਚਾਰ ਤੇ ਸਿਆਸਤ ’ਚ ਆਈ ਗਿਰਾਵਟ ਨੂੰ ਕਿਵੇਂ ਦੇਖਦੇ ਹੋ?
ਜਵਾਬ : ਬੀਬੀ ਜਗੀਰ ਕੌਰ ਇਕ ਧਾਰਮਿਕ ਸਖਸ਼ੀਅਤ ਹੈ। ਉਹ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਰਹੇ। ਡੇਰੇ ਦੇ ਵੀ ਮੁਖੀ ਹਨ। ਉਹ ਮੈਨੂੰ ਮਿਲੇ ਮੈਂ ਝੁਕ ਕੇ ਆਦਰ ਦਿੱਤਾ, ਹੱਥ ਫੜਿਆ ਤੇ ਆਸ਼ੀਰਵਾਦ ਵਜੋਂ ਮੱਥੇ ’ਤੇ ਲਾਉਣ ਦੀ ਵੀਡੀਓ ਕੱਟ ਕੇ ਉਸ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕੀਤਾ। ਸ਼ਰਮ ਤਾਂ ਉਨ੍ਹਾਂ ਨੂੰ ਆਉਣੀ ਚਾਹੀਦੀ ਹੈ, ਜਿਨ੍ਹਾਂ ਨੇ ਵੀਡੀਓ ਕੱਟ ਵੱਢ ਕੇ ਪੇਸ਼ ਕੀਤੀ। ਵੂਮੈਨ ਕਮਿਸ਼ਨ ਦੇ ਚੇਅਰਮੈਨ ਖੁਦ ਔਰਤ ਹਨ, ਉਹ ਵੀ ਸਨਮਾਨਜਨਕ ਕੁਰਸੀ ’ਤੇ ਬੈਠ ਕੇ ਵੀਡੀਓ ਦੀ ਐਡੀਟਿੰਗ ਕਰਨ ਵਾਲੇ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਿਆਸਤ ਕਰਨ ਲੱਗ ਪਏ। ਮੇਰੀ ਭਾਂਜੀ ਦੇ ਨਾਲ ਹੀ ਪੋਸਟਰ ਲਾ ਦੇਵੇਗਾ, ਸ਼ਰਮ ਤਾਂ ਉਸ ਨੂੰ ਆਉਣੀ ਚਾਹੀਦੀ ਹੈ, ਜੋ ਗਲਤ ਰੀਲ ਬਣਾ ਰਹੇ ਹਨ। ਇਹ ਲੋਕ ਹੁਣ ਬੌਖਲਾਏ ਹੋਏ ਹਨ। ਲੋਕਾਂ ਦੀ ਆਵਾਜ਼ ਖੁਦਾ ਦੀ ਆਵਾਜ਼ ਹੋ ਜਾਂਦੀ ਹੈ, ਲੋਕਾਂ ਦੀ ਆਵਾਜ਼ ਆ ਰਹੀ ਹੈ ਕਿ ਚੰਨੀ ਨੂੰ ਜਿਤਾਉਣਾ ਹੈ। ਇਸ ਕਾਰਨ ਉਹ ਅਜਿਹਾ ਕੁਝ ਕਰਦੇ ਹਨ ਜੋ ਉਨ੍ਹਾਂ ’ਤੇ ਹੀ ਉਲਟਾ ਪੈ ਜਾਂਦਾ ਹੈ।

ਸਵਾਲ : ਕੀ ਕਾਂਗਰਸ ਦੇ ਰਾਜ ’ਚ ਨਸ਼ਾ ਨਹੀਂ ਵਿਕਦਾ ਸੀ?
ਜਵਾਬ : ਪਹਿਲਾਂ ਵੀ ਹੋਵੇਗਾ ਪਰ ਲੋਕਾਂ ਦੀਆਂ ਜਿੰਨੀਆਂ ਚੀਕਾਂ ਹੁਣ ਨਿਕਲ ਰਹੀ ਹੈ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਸੀ। ਨਸ਼ਾ ਮਾਫੀਆ ਨੂੰ ਕੋਈ ਰੋਕਣ ਵਾਲਾ ਤੇ ਲੋਕਾਂ ਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੈ। ਲੋਕਾਂ ਦੀ ਸ਼ਿਕਾਇਤ ’ਤੇ ਪੁਲਸ ਸਮੱਗਲਰਾਂ ਨੂੰ ਫੜਨ ਜਾਂਦੀ ਹੈ ਪਰ ਮਾਫੀਆ ਉਲਟਾ ਪੁਲਸ ਵਾਲੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ? ਪਿਛਲੇ ਦਿਨੀਂ ਵੀ ਮਾਫੀਆ ਨੇ ਰੇਡ ਕਰਨ ਗਏ 2 ਪੁਲਸ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪਹਿਲਾਂ ਇਨ੍ਹਾਂ ਨੂੰ ਸੰਭਾਲਣ ਵਾਲੇ ਆਗੂਆਂ ਨਾਲ ਨਜਿੱਠਣਾ ਪੈਣਾ ਹੈ, ਕਿਉਂਕਿ ਆਮ ਆਦਮੀ ਪਾਰਟੀ ਆਗੂਆਂ ਦੀ ਸ਼ਹਿ ’ਤੇ ਸਰਕਾਰ ਮਾਫੀਆ ਦੀ ਪਿੱਠ ਥਾਪੜ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

ਸਵਾਲ : ਚੋਣ ਪ੍ਰਚਾਰ ਦੌਰਾਨ ਜਲੰਧਰ ਵਾਸੀਆ ਦੀ ਕਿਹੜੀਆਂ-ਕਿਹੜੀਆਂ ਵੱਡੀਆਂ ਔਕੜਾਂ ਤੁਹਾਡੇ ਸਾਹਮਣੇ ਆਈਆਂ
ਜਵਾਬ : ਜਲੰਧਰ ਸਿੱਖਿਆ ਤੇ ਸਿਹਤ ਸੈਕਟਰ ’ਚ ਬੇਹੱਦ ਪੱਛੜਿਆ ਹੋਇਆ ਹੈ। ਪ੍ਰਾਈਵੇਟ ਸਕੂਲ-ਕਾਲਜਾਂ ’ਚ ਸਭ ਕੁਝ ਹੈ ਪਰ ਸਰਕਾਰੀ ਪੱਧਰ ’ਤੇ ਬੱਚਿਆਂ ਨੂੰ ਸਮੁੱਚੀ ਸਹੂਲਤ ਨਹੀਂ ਹੈ। ਇੱਥੇ ਨਾ ਕੋਈ ਸਰਕਾਰੀ ਕਾਲਜ ਹੈ ਤੇ ਨਾ ਹੀ ਕੋਈ ਯੂਨੀਵਰਸਿਟੀ ਹੈ। ਵਿਦਿਆਰਥੀਆਂ ਨੂੰ ਭਾਰੀ ਫੀਸਾਂ ਦੇਣੀਆਂ ਪੈਂਦੀਆਂ ਹਨ, ਜਿਸ ਕਾਰਨ ਗਰੀਬ ਵਰਗ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਲੋਕਾਂ ਨੂੰ ਕੋਈ ਸਿਹਤ ਸਹੂਲਤ ਨਹੀਂ ਮਿਲ ਪਾ ਰਹੀ। ਕੋਈ ਚੰਗਾ ਸਰਕਾਰੀ ਹਸਪਤਾਲ ਨਹੀਂ ਹੈ, ਇਕ ਪਿਮਸ ਸੀ, ਉਸ ਨੂੰ ਵੀ ਅਕਾਲੀ ਨੇ ਆਪਣੇ ਲੋਕਾਂ ਨੂੰ ਦੇ ਦਿੱਤਾ। ਇੱਥੇ ਏਮਸ ਜਾਂ ਪੀ. ਜੀ. ਆਈ. ਦੀ ਲੋੜ ਹੈ। ਇੰਨਾ ਵੱਡਾ ਸ਼ਹਿਰ ਹੈ। ਆਲੇ-ਦੁਆਲੇ ਦੇ ਪਿੰਡ ਹਨ। ਕੋਈ ਹਸਪਤਾਲ ਨਹੀਂ, ਜਿੱਥੇ ਸਰਕਾਰੀ ਰੇਟਾਂ ’ਤੇ ਵਧੀਆ ਇਲਾਜ ਹੋ ਸਕੇ।

ਸਵਾਲ : ਜ਼ਿਲ੍ਹੇ ’ਚ ਇਨਫ੍ਰਾਸਟਰੱਕਚਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ?
ਜਵਾਬ : ਜਲੰਧਰ ’ਚ ਇਨਫ੍ਰਾਸਟਰੱਕਚਰ ਬੇਹੱਦ ਬਦਹਾਲ ਸਥਿਤੀ ’ਚ ਹੈ। ਪੂਰੇ ਸ਼ਹਿਰ ਦੀਆਂ ਸੜਕਾਂ ’ਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ, ਥਾਂ-ਥਾਂ ਕੂੜੇ ਦੇ ਢੇਰ ਲੱਗੇ ਹਨ, ਲੋਕਾਂ ਨੂੰ ਪੀਣ ਵਾਲੇ ਪੀਣ-ਸੀਵਰੇਜ ਵਰਗੀ ਮੁੱਢਲੀ ਸਹੂਲਤ ਨਹੀਂ ਮਿਲ ਪਾ ਰਹੀ। ਕਰਤਾਰਪੁਰ, ਆਦਮਪੁਰ ਤੇ ਹੋਰ ਹਲਕਿਆਂ ਦੇ ਪਿੰਡਾਂ ਦਾ ਬੁਰਾ ਹਾਲ ਹੈ। ਲੋਕ ਮੀਟਿੰਗਾਂ ’ਚ ਬੋਲਦੇ ਹਨ ਕਿ ਸੜਕਾਂ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਰਿਸ਼ਤੇਦਾਰ ਆਉਣੇ ਬੰਦ ਹੋ ਗਏ ਹਨ ਪਰ ਇਹੀ ਹਾਲਾਤ ਰਹੇ ਤਾਂ ਲੋਕਾਂ ਨੇ ਰਿਸ਼ਤੇ ਕਰਨੇ ਬੰਦ ਕਰ ਦੇਣੇ ਹੈ ਪਰ ਇਨਫ੍ਰਾਸਟਰੱਕਚਰ ’ਚ ਸੁਧਾਰ ਨੂੰ ਲੈ ਕੇ ਸਖਤ ਮਿਹਨਤ ਕਰਨ ਦੀ ਲੋੜ ਹੈ, ਜਿਸ ’ਤੇ ਪੂਰਾ ਫੋਕਸ ਕਰਾਂਗਾ।

ਸਵਾਲ : ਜਲੰਧਰ ਆ ਕੇ ਚੋਣਾਂ ਲੜਨ ਨੂੰ ਲੈ ਕੇ ਆਪਣੀ ਐਂਟਰੀ ਕਿਸ ਨਜ਼ਰ ਨਾਲ ਦੇਖਦੇ ਹੋ?
ਜਵਾਬ : ਮੈਂ 3 ਵਾਰ ਕੌਂਸਲਰ, 2 ਵਾਰ ਮਿਊਂਸੀਪਲ ਕਮੇਟੀ ਦਾ ਪ੍ਰਧਾਨ, 3 ਵਾਰ ਐੱਮ.ਐੱਲ.ਏ. ਰਹਿਣ ਤੋਂ ਇਲਾਵਾ ਕੈਬਨਿਟ ਮੰਤਰੀ, ਵਿਰੋਧੀ ਧਿਰ ਆਗੂ ਅਤੇ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰ ਚੁੱਕਾ ਹਾਂ। ਮੇਰਾ ਸੁਭਾਅ ਹੈ ਕਿ ਹਰ ਸਮੇਂ ਫੀਲਡ ’ਚ ਰਹਿੰਦਾ ਹਾਂ, ਲੋਕਾਂ ਦਰਮਿਆਨ ਰਹਿੰਦਾ ਹੈ, ਭਾਵੇਂ ਮੈਨੂੰ ਸਿਆਸਤਦਾਨ ਵਜੋਂ ਦੇਖਿਆ ਜਾਂਦਾ ਹੈ ਪਰ ਮੈਂ ਹਮੇਸ਼ਾ ਸੋਸ਼ਲ ਵਰਕਰ ਵਜੋਂ ਕੰਮ ਕਰਦਾ ਹਾਂ। ਜਲੰਧਰ ਮੇਰੇ ਲਈ ਕੋਈ ਨਵਾਂ ਨਹੀਂ ਹੈ, ਸਾਡੇ ਪਰਿਵਾਰ ਦੇ ਜਠੇਰੇ ਜਲੰਧਰ ’ਚ ਹੀ ਹਨ। ਮੈਂ ਕਲੀਅਰ ਕਰਦਾ ਹਾਂ ਕਿ ਮੈਂ ਜਲੰਧਰ ’ਚ ਰਹਿ ਕੇ ਹੀ ਸੇਵਾ ਕਰਾਂਗਾ। ਮੈਂ ਜਲੰਧਰ ਵਾਸੀਆਂ ਨੂੰ ਪਹਿਲੇ ਦਿਨ ਤੋਂ ਬੇਨਤੀ ਕੀਤੀ ਸੀ ਕਿ ਮੈਂ ਸੁਦਾਮਾ ਬਣ ਕੇ ਇੱਥੇ ਆਇਆ ਹਾਂ, ਤੁਸੀਂ ਮੈਨੂੰ ਕ੍ਰਿਸ਼ਨ ਬਣ ਕੇ ਨਵਾਜੋ।

ਸਵਾਲ : ਕੀ ਸਮਾਰਟ ਸਿਟੀ ਫੰਡਾਂ ’ਚ ਕਾਂਗਰਸ ਦੇ ਰਾਜ ’ਚ ਵੀ ਭ੍ਰਿਸ਼ਟਾਚਾਰ ਹੋਇਆ ਹੈ?
ਜਵਾਬ : ਜਦੋਂ ਕੇਂਦਰ ਕੋਲੋਂ ਪੈਸਾ ਹੀ ਨਹੀਂ ਆਇਆ ਤਾਂ ਘਪਲਾ ਕਿੱਥੋਂ ਹੋਣਾ ਸੀ। ਬੀਤੇ ਦਿਨੀਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਪ੍ਰਧਾਨ ਮੰਤਰੀ ਲੋਕਾਂ ਦੇ ਸਾਹਮਣੇ ਆਪਣੇ 10 ਸਾਲਾ ਦਾ ਰਿਪੋਰਟ ਕਾਰਡ ਪੇਸ਼ ਕਰਨ ਕਿ ਉਨ੍ਹਾਂ ਨੇ 10 ਸਾਲਾਂ ’ਚ ਪੰਜਾਬ ਤੇ ਜਲੰਧਰ ਨੂੰ ਕੀਤਾ ਦਿੱਤਾ। ਪਿਛਲੇ ਸਾਲਾਂ ’ਚ ਕੁਝ ਨਹੀਂ ਦਿੱਤਾ ਪਰ ਅੱਗੇ ਹੀ ਦੱਸ ਦਿਓ ਕਿ ਕੀ ਕਰਨਗੇ। ਮੈਂ ਜਲੰਧਰ ਤੋਂ ਚੋਣ ਲੜ ਰਿਹਾ ਹਾਂ, ਮੈਨੂੰ ਵੀ ਬੜੀ ਆਸ ਸੀ ਪਰ ਪ੍ਰਧਾਨ ਮੰਤਰੀ ਨੇ ਕੋਈ ਰੋਡਮੈਪ ਨਹੀਂ ਦੱਸਿਆ, ਨਾ ਹੀ ਕੋਈ ਰਿਪੋਰਟ ਕਾਰਡ ਦੱਸ ਸਕੇ, ਇਧਰ-ਓਧਰ ਦੀਆਂ ਗੱਲਾਂ ਕਰ ਕੇ ਨਿਕਲ ਲੀਏ।
ਪ੍ਰਧਾਨ ਮੰਤਰੀ ਕਿਸੇ ਯੂਨੀਵਰਸਿਟੀ, ਹਸਪਤਾਲ ਦੀ ਗੱਲ ਕਰਦੇ, ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਣ ਦਾ ਐਲਾਨ ਕਰ ਜਾਂਦੇ। ਆਸ ਸੀ ਕਿ ਜਲੰਧਰ ਦੀ ਡੁੱਬੀ ਇੰਡਸਟਰੀ ਨੂੰ ਰਿਵਾਈਵ ਕਰਨ ਦੀ ਗੱਲ ਕਰਨਗੇ, ਵਪਾਰੀਆਂ ਦੀ ਗੱਲ ਕਰਨਗੇ, ਜਿਨ੍ਹਾਂ ਦਾ 45 ਦਿਨ ਤੋਂ ਵੱਧ ਦਾ ਉਧਾਰ ਬੰਦ ਕਰ ਦਿੱਤਾ, ਪੈਸੇ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ 31 ਮਾਰਚ ਨੂੰ ਜੀ. ਐੱਸ. ਟੀ. ਜਮ੍ਹਾ ਕਰਵਾਉਣੀ ਪੈਂਦੀ ਹੈ, ਸ਼ੀਇਦ ਉਸ ’ਚ ਰਿਆਇਤ ਦੇਣਗੇ ਪਰ ਕੁਝ ਵੀ ਨਹੀਂ ਕੀਤਾ ਪਰ ਇਹ ਮੰਗਾਂ ਤਾਂ ਸੁਸ਼ੀਲ ਰਿੰਕੂ ਨੇ ਕਰਨੀਆਂ ਸਨ ਪਰ ਰਿੰਕੂ ਨੇ ਤਾਂ ਤੁਮਹੇ ਦੇਖ ਲੇਂਗੇ, ਤੈਨੂੰ ਦੇਖ ਲਵਾਂਗਾ ’ਤੇ ਹੀ ਆਪਣੀ ਸੂਈ ਟਿਕਾਈ ਰੱਖੀ। ਯਾਰ ਪ੍ਰਧਾਨ ਮੰਤਰੀ ਜੀ ਆਏ ਹਨ, ਤੁਸੀਂ ਇਹ ਕਹਿੰਦੇ ਕਿ ਇਹ-ਇਹ ਕੰਮ ਜਲੰਧਰ ਲਈ ਕਰੋ।

ਸਵਾਲ :  ਪ੍ਰਧਾਨ ਮੰਤਰੀ ਦਾ ਦਾਅਵਾ ਭਾਜਪਾ 400 ਪਲੱਸ ਨੂੰ ਲੈ ਕੇ ਤੁਸੀਂ ਕੀ ਕਹਿੰਦੇ ਹੋ
ਜਵਾਬ : ਪ੍ਰਧਾਨ ਮੰਤਰੀ ਨੇ 400 ਪਲੱਸ ਨਹੀਂ ਸਗੋਂ 400 ਪਾਰ ਕਿਹਾ ਹੈ, ਮੈਂ ਵੀ ਕਹਿੰਦਾ ਹਾਂ ਕਿ ਕਾਂਗਰਸ 400 ਲਿਜਾਵੇਗੀ ਤੇ ਜੋ ਪਾਰ ਹੈ ਉਸ ਨੂੰ ਪ੍ਰਧਾਨ ਮੰਤਰੀ ਲੈ ਜਾਣਗੇ। ਕਹਿਣ ਤੇ ਕਰਨ ’ਚ ਬੜਾ ਫਰਕ ਹੁੰਦਾ ਹੈ। ਭਾਜਪਾ ਤੇ ਆਰ. ਐੱਸ. ਐੱਸ. ਸਮੇਤ ਆਮ ਆਦਮੀ ਪਾਰਟੀ ਦਾ ਵਰਕਰ ਨਿਰਾਸ਼ ਬੈਠਾ ਹੈ। ਆਮ ਆਦਮੀ ਪਾਰਟੀ ਜੋ ਖੁਦ ਨੂੰ ਇਨਕਲਾਬੀ ਪਾਰਟੀ ਕਹਿੰਦੀ ਸੀ. ਜੋ ਕਹਿੰਦੇ ਸੀ ਕਿ ਅਸੀਂ ਕਿਸੇ ਵੀ ਨੌਜਵਾਨ ਨੂੰ ਖੜ੍ਹਾ ਕਰ ਸਕਦੇ ਹਾਂ, ਜਿਨ੍ਹਾਂ ਨੌਜਵਾਨ ਨੇ ਇਨਕਲਾਬੀ ਪਾਰਟੀ ਖੜ੍ਹੀ ਕਰਨ ਨੂੰ ਆਪਣਾ ਖੂਨ ਪਸੀਨਾ ਵਹਾਇਆ, ਆਪਣੇ ਘਰ ਤੱਕ ਵੇਚ ਦਿੱਤੇ ਪਰ ਹੁਣ ਪਾਰਟੀ ਨੂੰ ਅਜਿਹਾ ਕੋਈ ਨੌਜਵਾਨ ਨਹੀਂ ਮਿਲਿਆ, ਜਿਸ ਨੂੰ ਉਹ ਟਿਕਟ ਦੇ ਦੇਣ। 4 ਘਰ ਟੱਪ ਕੇ ਆਏ ਟੀਨੂੰ ਨੂੰ ਲੈ ਕੇ ਆਏ ਹਨ।

ਭਾਜਪਾ ਵੀ ਆਪਣੇ ਅੰਦਰ ਤੋਂ ਕੋਈ ਉਮੀਦਵਾਰ ਕੱਢ ਸਕਦੀ ਸੀ। ਭਾਜਪਾ ਦੇ ਕਈ ਆਗੂ ਅਜਿਹੇ ਹਨ ਜੋ ਅੱਤਵਾਦ ਦੇ ਦੌਰ ’ਚ ਵੀ ਭਾਜਪਾ ਨਾਲ ਖੜ੍ਹੇ ਰਹੇ। ਅੱਤਵਾਦ ਦਾ ਡਟ ਕੇ ਮੁਕਾਬਲਾ ਕੀਤਾ। ਆਪਣੇ ਪਰਿਵਾਰਾਂ ’ਤੇ ਜ਼ੁਲਮ ਵੀ ਝੱਲੇ, ਉਨ੍ਹਾਂ ’ਚੋਂ ਕਿਸੇ ਨੂੰ ਟਿਕਟ ਨਹੀਂ ਮਿਲੀ, ਰਿੰਕੂ ਨੂੰ ਕਿਹੜਾ ਅਜਿਹਾ ਗੁੜ ਲੱਗਾ ਸੀ ਕਿ ਉਸ ਨੂੰ ਹੀ ਲੈ ਕੇ ਆਉਣਾ ਸੀ ਤੇ ਉਸ ਨੂੰ ਹੀ ਚੱਟਣਾ ਸੀ। ਅੱਜ ਭਾਜਪਾ ਵਾਲੇ ਸੁਸ਼ੀਲ ਰਿੰਕੂ ਨੂੰ ਦੇਖ-ਦੇਖ ਕੇ ਆਪਣੇ ਮੱਥੇ ’ਤੇ ਹੱਥ ਮਾਰ ਰਹੇ ਹਨ। ਉਨ੍ਹਾਂ ਨਾਲ ਸ਼ੀਤਲ ਅੰਗੁਰਾਲ ਨੂੰ ਖੜ੍ਹਾ ਦੇਖ ਕੇ ਤਾਂ ਉਹ ਭੱਜ ਹੀ ਜਾਂਦੇ ਹਨ। ਭਾਜਪਾ ਤੇ ‘ਆਪ’ ਦੋਵਾਂ ਪਾਰਟੀਆਂ ਨੇ ਆਪਣੇ ਵਰਕਰਾਂ ਦਾ ਨਿਰਾਦਰ ਕੀਤਾ ਹੈ। ਸਮਾਜ ’ਚ ਵੀ ਇਸ ਗੱਲ ਨੂੰ ਨੈਗੇਟਿਵ ਲਿਆ ਹੈ। ਰਿੰਕੂ ਤੇ ਟੀਨੂੰ ਵਰਗੇ ਰੋਜ਼ ਪਾਲਾ ਬਦਲਣ ਵਾਲਿਆਂ ਦਾ ਕੀ ਭਰੋਸਾ ਅੱਗੇ ਕਿੱਥੇ ਜਾਣਗੇ? ਿਰੰਕੂ ਦੀ ਪਤਨੀ ਹੀ ਕਹਿ ਰਹੀ ਹੈ ਕਿ ‘ਆਪ’ ਨੂੰ ਵੋਟਾਂ ਪਾਓ, ਪਿੱਛੇ ਕਿਸੇ ਨੇ ਬੋਲਿਆ ਕਿ ਭੈਣ ਜੀ ਹੁਣ ਅਸੀਂ ਭਾਜਪਾ ’ਚ ਹਾਂ, ਇਨ੍ਹਾਂ ਲੋਕਾਂ ਦੀ ਅਜਿਹੀ ਹਾਲਤ ਹੋਈ ਪਈ ਹੈ।

ਇਹ ਖ਼ਬਰ ਵੀ ਪੜ੍ਹੋ :  ਮੈਂ ਤੁਹਾਨੂੰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ : ਕੇਜਰੀਵਾਲ

ਸਵਾਲ : ਤੁਸੀਂ ਰਿੰਕੂ, ਟੀਨੂੰ ਦਾ ਨਾਂ ਤਾਂ ਲੈ ਰਹੇ ਹੋ ਪਰ ਕੇ. ਪੀ. ਦਾ ਕਿਉਂ ਭੁੱਲ ਰਹੇ ਹੋ
ਜਵਾਬ : ਮੈਂ ਸਭ ਲਈ ਕਹਿ ਰਿਹਾ ਹਾਂ ਕਿ ਸਿਆਸਤ ’ਚ ਟਿਕਾਅ ਹੋਣਾ ਚਾਹੀਦੈ, ਆਪ ’ਚ ਸਹਿਜਤਾ ਹੋਣੀ ਚਾਹੀਦੀ ਹੈ, ਸਬਰ ਤੇ ਸੰਤੋਖ ਹੋਣਾ ਚਾਹੀਦੈ, ਤੁਸੀਂ ਸਥਿਰ ਰਹੋ, ਪਾਰਟੀ ਤੁਹਾਨੂੰ ਬੜਾ ਕੁਝ ਦੇ ਰਹੀ ਹੈ। ਪਾਰਟੀ ਨੇ 2-2 ਵਾਰ ਤੁਹਾਨੂੰ ਵਿਧਾਇਕ ਬਣਾਇਆ, ਰਿੰਕੂ ਨੂੰ ਕਾਂਗਰਸ ਨੇ ਵਿਧਾਇਕ ਬਣਾਇਆ ਪਰ ਫਿਰ ਵੀ ਟੱਪ ਗਿਆ। ‘ਆਪ’ ਨੇ ਐੱਮ. ਪੀ. ਬਣਾਇਆ ਅਤੇ ਭਰੋਸਾ ਜਿੱਤ ਕੇ ਅਗਲੀ ਚੋਣ ’ਚ ਟਿਕਟ ਵੀ ਦੇ ਦਿੱਤੀ। ਰਿੰਕੂ ਨੇ ਟਿਕਟ ਮਿਲਣ ’ਤੇ ਗੁ. ਸਾਹਿਬ ਜਾ ਕੇ ਅਰਦਾਸ ਵੀ ਕੀਤੀ ਪਰ ਅਗਲੇ ਦਿਨ ਰਾਮ ਮੰਦਰ ਗਿਆ ਤੇ ਦਿੱਲੀ ਜਾ ਕੇ ਭਾਜਪਾ ਜੁਆਇਨ ਕਰ ਲਈ।

ਸਵਾਲ : ਭਾਜਪਾ ਦੇ ਪ੍ਰਭੂ ਰਾਮ ਦੀ ਆਸਥਾ ਨੂੰ ਭੁਨਾਉਣ ’ਤੇ ਤੁਸੀਂ ਕੀ ਕਹਿੰਦੇ ਹੋ?
ਜਵਾਬ : ਮੈਂ ਖਰੜ ਰਾਮਲੱਲਾ ਦਾ 30 ਸਾਲਾਂ ਤੋਂ ਪੈਟਰਨ ਹਾਂ। ਮੈਂ ਹਰ ਸਾਲ ਰਾਮਲੀਲਾ ਦੀ ਸ਼ੁਰੂਆਤ ਕਰਾਉਂਦਾ ਹਾਂ ਤੇ ਹਰ ਸਾਲ ਰਾਮਲੀਲਾ ਦੇ ਆਖਰੀ ਿਦਨ ਭਗਵਾਨ ਰਾਮ ਜੀ ਦਾ ਰਾਜ ਤਿਲਕ ਮੈਂ ਕਰਦਾ ਆ ਰਿਹਾ ਹਾਂ। ਕੀ ਰਾਮ ਸਾਡੇ ਨਹੀਂ ਹਨ, ਮੇਰਾ ਜਨਮ ਰਾਮਨੌਮੀ ਦੇ ਿਦਨ ਹੈ, ਮੇਰਾ ਨਸ਼ੱਤਰ ਉਹ ਨਸ਼ੱਤਰ ਹੈ ਜੋ ਰਾਮ ਜੀ ਦਾ ਹੈ। ਮੈਂ ਉਨ੍ਹਾਂ ਦਾ ਭਗਤ ਹਾਂ। ਰਿੰਕੂ ਨੇ ਕਦੀ ਰਾਮਲੀਲਾ ਵੀ ਨਹੀਂ ਦੇਖੀ ਹੋਵੇਗੀ, ਜੇ ਰਾਮਲੀਲਾ ਰੋਲ ਵੀ ਕਰੇਗਾ ਤਾਂ ਉਸ ਨੂੰ ਰਾਵਣ ਦਾ ਰੋਲ ਦੇਣਗੇ। ਇਸ ਨੇ ਤਾਂ ਮੁੱਛਾਂ ਨੂੰ ਤਾਅ ਦੇ ਕੇ ਰਾਵਣ ਵਾਂਗ ਖੜ੍ਹੇ ਹੋਣਾ ਹੈ। ਇਹ ਲੋਕ ਸਿਆਸਤਦਾਨ ਨਹੀਂ। ਇਹ ਲੋਕ ਮੌਕਾਪ੍ਰਸਤ ਤੇ ਦਲਬਦਲੂ ਹਨ। ਆਪਣੇ ਫਾਇਦੇ ਨੂੰ ਕਿਸੇ ਵੀ ਸਮੇਂ ਪਾਲਾ ਬਦਲ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ :  ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ ਏ : ਭਗਵੰਤ ਮਾਨ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News