'ਆਪ' ਦਾ ਮੁਕਾਬਲਾ ਕਰਨ ਲਈ CM ਚੰਨੀ ਖ਼ੁਦ ਨੂੰ ਆਮ ਆਦਮੀ ਦੇ ਰੂਪ ’ਚ ਪ੍ਰਦਰਸ਼ਿਤ ਕਰਨ ’ਚ ਜੁਟੇ
Saturday, Oct 23, 2021 - 04:22 PM (IST)
ਜਲੰਧਰ (ਧਵਨ)–ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਕਸ ਨੂੰ ਆਮ ਆਦਮੀ ਦੇ ਰੂਪ ’ਚ ਜਨਤਾ ਦੇ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੇ ਅਕਸ ਨੂੰ ਆਮ ਆਦਮੀ ਦੇ ਰੂਪ ’ਚ ਪੇਸ਼ ਕਰਕੇ ਆਮ ਆਦਮੀ ਪਾਰਟੀ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ।
ਚੰਨੀ ਨੇ ਇਕ ਬਜ਼ੁਰਗ ਮਹਿਲਾ ਨਾਲ ਫੇਸਬੁੱਕ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ, ''ਤੁਸੀਂ ਜਿਹੜੇ ਵੀ ਅਹੁਦੇ ‘ਤੇ ਹੋਵੋ ਸਭ ਤੋਂ ਪਹਿਲਾਂ ਤੁਸੀਂ ਆਮ ਇਨਸਾਨ ਹੋ, ਤੁਹਾਡੀ ਪਹੁੰਚ ਆਮ ਲੋਕਾਂ ਤੱਕ ਪਹਿਲਾਂ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਮੈਨੂੰ ਜੋ ਬਜ਼ੁਰਗਾਂ ਦਾ ਸਤਿਕਾਰ ਅਤੇ ਪਿਆਰ ਮਿਲਿਆ ਉਸ ਦਾ ਦੇਣ ਮੈਂ ਕਦੀਂ ਨਹੀਂ ਦੇ ਸਕਦਾ ਅਤੇ ਸੱਚ ਪੁੱਛੋ ਤਾਂ ਤੁਹਾਡੇ ਇਸ ਆਪਣੇਪਨ ਨੇ ਮੇਰੇ ਇਰਾਦੇ ਹੋਰ ਮਜ਼ਬੂਤ ਕਰ ਦਿੱਤੇ ਹਨ ਕਿ ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹੋਰ ਉਤਸ਼ਾਹ ਨਾਲ ਕੰਮ ਕਰਾਂ। ਭਵਿੱਖ ‘ਚ ਕੀ ਹੋਣਾ ਇਹ ਪਤਾ ਨੀਂ ਪਰ ਇਕ ਗੱਲ ਦਾ ਮੈਂ ਯਕੀਨ ਦਿਵਾਉਂਦਾ ਕਿ ਪਹਿਲਾਂ ਵੀ ਆਮ ਲੋਕਾਂ ਲਈ ਮੈਂ ਖੜ੍ਹਾ ਸੀ, ਅੱਜ ਵੀ ਇਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਇਨ੍ਹਾਂ ਦੇ ਨਾਲ ਹਾਂ ਅਤੇ ਅੱਗੇ ਵੀ ਹਮੇਸ਼ਾ ਇਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।''
ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ
ਇਥੇ ਦੱਸ ਦੇਈਏ ਕਿ ਕਾਂਗਰਸ ਨੂੰ ਪਤਾ ਹੈ ਕਿ ਉਸ ਦਾ ਮੁਕਾਬਲਾ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਨਾਲ ਹੋਣਾ ਹੈ। ਅਜਿਹੀ ਸਥਿਤੀ ਨੂੰ ਵੇਖਦੇ ਹੋਏ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਮੁੱਖ ਮੰਤਰੀ ਦੇ ਅਕਸ ਨੂੰ ਆਮ ਆਦਮੀ ਵਾਂਗ ਪੇਸ਼ ਕਰਨ ’ਚ ਲੱਗੇ ਹੋਏ ਹਨ।
ਮੁੱਖ ਮੰਤਰੀ ਵਲੋਂ ਹਾਲ ਹੀ ’ਚ ਜੋ ਫੈਸਲੇ ਲਏ ਗਏ ਹਨ, ਉਹ ਵੀ ਆਮ ਆਦਮੀ ਨਾਲ ਜੁੜੇ ਹੋਏ ਹਨ, ਭਾਵੇਂ ਇਨ੍ਹਾਂ ’ਚ 2 ਕਿਲੋਵਾਟ ਤੱਕ ਦੇ ਗਰੀਬਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਨੂੰ ਮੁਆਫ਼ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਕਲਾਸ ਡੀ ਦੀਆਂ ਭਰਤੀਆਂ ਨੂੰ ਰੈਗੂਲਰ ਕਰਨ ਨਾਲ ਜੁੜਿਆ ਮਾਮਲਾ ਹੋਵੇ ਜਾਂ ਫਿਰ ‘ਮੇਰਾ ਘਰ ਮੇਰੇ ਨਾਂ’ ਸਕੀਮ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ’ਚ ਲਾਲ ਲਕੀਰ ਦੇ ਅੰਦਰ ਰਹਿੰਦੇ ਨਾਗਰਿਕਾਂ ਨੂੰ ਜਾਇਦਾਦ ਦੇ ਹੱਕ ਦੇਣ ਦਾ ਮਾਮਲਾ ਹੋਵੇ। ਇਸ ਤਰ੍ਹਾਂ ਸ਼ਹਿਰਾਂ ਦੇ ਸਾਰੇ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਬਿੱਲ ਦੀਆਂ ਦਰਾਂ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ ਹਨ। ਜੇ ਵੇਖਿਆ ਜਾਵੇ ਤਾਂ ਇਹ ਸਾਰੇ ਮੁੱਦੇ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਲਾਨ ਕੀਤੇ ਹਨ, ਉਨ੍ਹਾਂ ਦਾ ਸਿੱਧੇ ਤੌਰ ’ਤੇ ਸੰਬੰਧ ਗ਼ਰੀਬ ਅਤੇ ਆਮ ਜਨਤਾ ਨਾਲ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ, ਜਿੰਨੇ ਪਿਛਲੇ 7 ਸਾਲਾਂ ’ਚ ਹੋਏ: ਜਾਖੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ