ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਖੇਡੀ ਹਾਕੀ, ਗੋਲਕੀਪਰ ਬਣ ਕੇ ਰੋਕੇ ਸ਼ਾਟਸ

Sunday, Oct 31, 2021 - 11:27 AM (IST)

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਖੇਡੀ ਹਾਕੀ, ਗੋਲਕੀਪਰ ਬਣ ਕੇ ਰੋਕੇ ਸ਼ਾਟਸ

ਚੰਡੀਗੜ੍ਹ (ਲਲਨ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਹਾਲੀ ਹਾਕੀ ਸਟੇਡੀਅਮ ਵਿਚ ਗੋਲਕੀਪਰ ਬਣ ਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਭਜੋਤ ਸਿੰਘ ਦੇ ਸ਼ਾਟ ਰੋਕੇ। ਇਸਦੇ ਨਾਲ ਹੀ ਉਨ੍ਹਾਂ ਨੇ ਮੋਹਾਲੀ ਹਾਕੀ ਸਟੇਡੀਅਮ ਵਿਚ ਟ੍ਰੇਨਿੰਗ ਕਰ ਰਹੀਆਂ ਮਹਿਲਾ ਖਿਡਾਰੀਆਂ ਦੇ ਨਾਲ ਫੋਟੋਸ਼ੂਟ ਵੀ ਕਰਵਾਇਆ। ਮੁੱਖ ਮੰਤਰੀ ਨੇ ਟਵਿੱਟਰ ’ਤੇ ਗੋਲਕੀਪਰ ਦੀ ਫੋਟੋ ਸ਼ੇਅਰ ਕਰਕੇ ਲਿਖਿਆ ਕਿ ਮੈਂ ਯੂਨੀਵਰਸਿਟੀ ਪੱਧਰ ’ਤੇ ਹੈਂਡਬਾਲ ਦਾ ਖਿਡਾਰੀ ਸੀ ਪਰ ਸ਼ਨੀਵਾਰ ਨੂੰ ਗੋਲਕੀਪਰ ਬਣ ਕੇ ਇਸ ਖੇਡ ਦਾ ਵੀ ਆਨੰਦ ਮਾਣਿਆ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਨੌਜਵਾਨ ਖਿਡਾਰੀਆਂ ਦੇ ਨਾਲ ਖੇਡ ਕੇ ਬਹੁਤ ਚੰਗਾ ਲੱਗਾ ਅਤੇ ਹਾਕੀ ਨੂੰ ਪਹਿਲਾਂ ਤੋਂ ਹੀ ਮੈਂ ਪੰਸਦ ਕਰਦਾ ਹਾਂ।
ਬਲਜੀਤ ਡਢਵਾਲ ਤੋਂ ਲਏ ਗੋਲਕੀਪਰ ਦੇ ਟਿਪਸ
ਮੁੱਖ ਮੰਤਰੀ ਸ਼ਨੀਵਾਰ ਨੂੰ ਮੋਹਾਲੀ ਹਾਕੀ ਸਟੇਡੀਅਮ ਵਿਚ ਪਹੁੰਚੇ, ਜਿੱਥੇ ਨੌਜਵਾਨ ਖਿਡਾਰੀ ਅਭਿਆਸ ਕਰ ਰਹੇ ਸਨ। ਇਸ ਦੌਰਾਨ ਸਟੇਡੀਅਮ ਵਿੱਚ ਕੋਚ ਅਤੇ ਹੋਰ ਟ੍ਰੇਨਰ ਵੀ ਸਨ, ਜੋ ਖਿਡਾਰੀਆਂ ਨੂੰ ਟਿਪਸ ਦੇ ਰਹੇ ਸਨ। ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਬਲਜੀਤ ਸਿੰਘ ਡਢਵਾਲ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੋਲਕੀਪਰ ਦੇ ਟਿਪਸ ਲਏ ਅਤੇ ਫਿਰ ਗੋਲਕੀਪਰ ਦੀ ਕਿੱਟ ਪਹਿਨ ਕੇ ਮੈਦਾਨ ਵਿਚ ਉੱਤਰ ਗਏ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਭਜੋਤ ਸਿੰਘ ਵੀ ਮੁੱਖ ਮੰਤਰੀ ਚੰਨੀ ਨੂੰ ਅਭਿਆਸ ਕਰਵਾਉਣ ਲਈ ਮੈਦਾਨ ਵਿਚ ਉੱਤਰ ਗਏ। ਮੁੱਖ ਮੰਤਰੀ ਨੇ ਪ੍ਰਭਜੋਤ ਵੱਲੋਂ ਦਾਗੇ ਗੋਲ ਨੂੰ ਬੜੀ ਆਸਾਨੀ ਨਾਲ ਰੋਕਿਆ। ਸਟੇਡੀਅਮ ਵਿੱਚ ਮੁੱਖ ਮੰਤਰੀ 45 ਮਿੰਟ ਤੱਕ ਰਹੇ। ਇਸ ਦੌਰਾਨ ਮਹਿਲਾ ਟ੍ਰੇਨੀ ਖਿਡਾਰੀ ਮੁੱਖ ਮੰਤਰੀ ਨੂੰ ਵੇਖ ਕੇ ਖੁਸ਼ ਹੋ ਗਈਆਂ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ ਫੋਟੋ ਵੀ ਖਿਚਵਾਈ।
 


author

Babita

Content Editor

Related News