ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ

02/02/2022 9:29:06 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਰਵੇ ਤੇਜ਼ ਹੋ ਗਿਆ ਹੈ। ਪੰਜਾਬ ਵਾਸੀਆਂ ਤੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਰਾਏ ਮੰਗੀ ਜਾ ਰਹੀ ਹੈ। ‘ਆਪ’ ਦੀ ਤਰਜ਼ ’ਤੇ ਕਾਂਗਰਸ ਹਾਈਕਮਾਨ ਨੇ ਵੀ ਮੋਬਾਇਲ ਫ਼ੋਨ ਰਾਹੀਂ ਰਾਏ ਮੰਗਣ ਦੀ ਪਹਿਲ ਕੀਤੀ ਹੈ। ਮੋਬਾਇਲ ਫ਼ੋਨ ’ਤੇ ਆਉਣ ਵਾਲੀ ਕਾਲ ਰਾਹੀਂ ਕਿਹਾ ਜਾ ਰਿਹਾ ਹੈ ਕਿ ਇਹ ਕਾਲ ਅਖਿਲ ਭਾਰਤੀ ਕਾਂਗਰਸ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੀ ਉਮੀਦਵਾਰੀ ਨੂੰ ਲੈ ਕੇ ਚੋਣ ਕਰਨ ਲਈ ਰਾਏ ਲੈਣਾ ਚਾਹੁੰਦੇ ਹਾਂ। ਜੇਕਰ ਤੁਹਾਡੀ ਰਾਏ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਇਕ ਨੰਬਰ ਦੱਬੋ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਮੁੱਖ ਮੰਤਰੀ ਲਈ ਹੋਣਾ ਚਾਹੀਦਾ ਹੈ ਤਾਂ ਦੋ ਨੰਬਰ ਦੱਬੋ। ਇਸ ਦੇ ਨਾਲ ਇਕ ਹੋਰ ਬਦਲ ਵੀ ਦਿੱਤਾ ਗਿਆ ਹੈ, ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੁੱਖ ਮੰਤਰੀ ਚਿਹਰੇ ਦੇ ਬਿਨਾਂ ਚੋਣਾਂ ਵਿਚ ਜਾਣਾ ਚਾਹੀਦਾ ਹੈ ਤਾਂ ਤਿੰਨ ਨੰਬਰ ਦੱਬੋ। ਇਹ ਪਹਿਲਾ ਮੌਕਾ ਹੈ, ਜਦੋਂ ਇਸ ਤਰ੍ਹਾਂ ਸਰਵੇ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਏਸ਼ੁਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦੱਸਿਆ ਰੰਗ-ਬਿਰੰਗੇ 'ਸ਼ਾਲ' ਲੈਣ ਦਾ ਭੇਤ, ਬੋਲੇ-ਹਲਕਾ ਰੰਗ ਪਸੰਦ ਨਹੀਂ

ਇਸ ਤੋਂ ਪਹਿਲਾਂ ਤੱਕ ਕਾਂਗਰਸ ਹਾਈਕਮਾਨ ਹੀ ਮੁੱਖ ਮੰਤਰੀ ਚਿਹਰਾ ਤੈਅ ਕਰਦੀ ਰਹੀ ਹੈ। 2017 ਦੀ ਚੋਣ ਵਿਚ ਕਾਂਗਰਸ ਹਾਈਕਮਾਨ ਨੇ ਇਕ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ। ਹਾਲਾਂਕਿ ਇਸ ਵਾਰ ਦਿੱਲੀ ਵਿਚ ਹਾਈਕਮਾਨ ਦੇ ਨਾਲ ਪੰਜਾਬ ਦੇ ਨੇਤਾਵਾਂ ਦੀ ਹੋਈ ਬੈਠਕ ਵਿਚ ਕਿਹਾ ਗਿਆ ਸੀ ਕਿ ਪੰਜਾਬ ਕਾਂਗਰਸ ਇਸ ਵਾਰ ਚੋਣਾਂ ਵਿਚ ਸੰਯੁਕਤ ਹਿੱਸੇਦਾਰੀ ਦੇ ਨਾਲ ਚੋਣਾਂ ਵਿਚ ਉਤਰੇਗੀ।

ਇਹ ਵੀ ਪੜ੍ਹੋ : ਵੱਡਾ ਸਵਾਲ : CM ਚੰਨੀ ਨੇ ਦੋਆਬਾ ਦੀ ਬਜਾਏ 'ਮਾਲਵਾ' ਤੋਂ ਕਿਉਂ ਚੁਣੀ ਦੂਜੀ ਸੀਟ?

ਇਹ ਵੱਖਰੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਇਕ ਗੱਲਬਾਤ ਦੌਰਾਨ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸੁਨੀਲ ਜਾਖੜ ਦਾ ਨਾਂ ਵੀ ਮੁੱਖ ਮੰਤਰੀ ਚਿਹਰੇ ਦੇ ਤੌਰ ’ਤੇ ਲਿਆ ਸੀ, ਜਿਸ ਤੋਂ ਬਾਅਦ ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਮਾਹੌਲ ਭਖ ਗਿਆ ਸੀ। ਬੀਤੇ ਦਿਨੀਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਇਹ ਚਰਚਾ ਖੁੱਲ੍ਹ ਕੇ ਸਾਹਮਣੇ ਉਦੋਂ ਆ ਗਈ, ਜਦੋਂ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਖੁੱਲ੍ਹ ਕੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਦਾ ਸਮਰਥਨ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ : ਕੱਪੜੇ 'ਚ ਲਪੇਟ ਕੇ ਕੂੜੇ 'ਚ ਸੁੱਟੇ ਮਿਲੇ ਨਾਜਾਇਜ਼ ਹਥਿਆਰ, ਚੋਣਾਂ ਦੌਰਾਨ ਦਹਿਸ਼ਤ ਫੈਲਾਉਣ ਦਾ ਸ਼ੱਕ

ਇਸ ’ਤੇ ਰਾਹੁਲ ਗਾਂਧੀ ਨੇ ਭਰੋਸਾ ਦਿਵਾਇਆ ਸੀ ਕਿ ਕਾਂਗਰਸ ਹਾਈਕਮਾਨ ਛੇਤੀ ਹੀ ਮੁਲਾਜ਼ਮਾਂ ਅਤੇ ਆਗੂਆਂ ਦੇ ਨਾਲ ਰਾਏਸ਼ੁਮਾਰੀ ਕਰ ਕੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਕਵਾਇਦ ਰਾਹੁਲ ਗਾਂਧੀ ਦੇ ਉਸੇ ਬਿਆਨ ਦੀ ਅਗਲੀ ਕੜੀ ਹੈ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਪੰਜਾਬ ਵਿਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦੇਵੇਗੀ। ਕਿਹਾ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਤੱਕ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News