UP-ਬਿਹਾਰ ਵਾਲੇ ਬਿਆਨ ''ਤੇ ਬੋਲੇ CM ਚੰਨੀ, ''ਪਰਵਾਸੀਆਂ ਨਾਲ ਨਹੁੰ-ਮਾਸ ਵਾਲਾ ਰਿਸ਼ਤਾ''
Thursday, Feb 17, 2022 - 05:16 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂ. ਪੀ.-ਬਿਹਾਰ ਵਾਲੇ ਬਿਆਨ ਤੋਂ ਬਾਅਦ ਸੁਰਖ਼ੀਆਂ 'ਚ ਆ ਗਏ ਹਨ। ਇਸ ਸਬੰਧੀ ਮੁੱਖ ਮੰਤਰੀ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਯੂ. ਪੀ., ਬਿਹਾਰ, ਰਾਜਸਥਾਨ ਜਾਂ ਹੋਰ ਸੂਬਿਆਂ ਤੋਂ ਜਿੰਨੇ ਵੀ ਲੋਕ ਪੰਜਾਬ 'ਚ ਆ ਕੇ ਕੰਮ ਕਰਦੇ ਹਨ, ਪੰਜਾਬ ਉਨ੍ਹਾਂ ਦਾ ਵੀ ਓਨਾ ਹੀ ਹੈ, ਜਿੰਨਾ ਸਾਡਾ ਹੈ, ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਸਹੀ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ 'ਚ 9 ਸਾਲਾ ਬੱਚੀ ਨਾਲ ਹੈਵਾਨੀਅਤ, ਖੂਨ ਨਾਲ ਲੱਥਪਥ ਮਾਸੂਮ ਨੂੰ ਖੂਹ ਨੇੜੇ ਛੱਡ ਭੱਜਿਆ ਦਰਿੰਦਾ
ਉਨ੍ਹਾਂ ਕਿਹਾ ਕਿ ਪੰਜਾਬ ਲੋਕ ਵੀ ਪਰਵਾਸੀ ਹੀ ਹਨ ਅਤੇ ਵੱਡੇ-ਵੱਡੇ ਦੇਸ਼ਾਂ 'ਚ ਜਾ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਪੰਜਾਬ 'ਚ ਕੰਮ ਕਰਦੇ ਹਨ ਅਤੇ ਖੇਤੀ ਨੂੰ ਕਾਮਯਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਹਨ ਕਿ ਅਰਵਿੰਦ ਕੇਜਰੀਵਾਲ ਵਰਗੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਨਾ ਦੇਖਣ। ਉਨ੍ਹਾਂ ਕਿਹਾ ਕਿ ਅੱਜ ਤੱਕ ਜਿੰਨੇ ਪਰਵਾਸੀ ਪੰਜਾਬ 'ਚ ਆਏ ਹਨ, ਉਨ੍ਹਾਂ ਨੇ ਆਪਣੇ ਖੂਨ-ਪਸੀਨੇ ਨਾਲ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਤੋਰਿਆ ਹੈ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 'ਚ ਦਿਲਚਸਪ ਪਹਿਲੂ, 2 ਸੀਟਾਂ 'ਤੇ ਪਤੀਆਂ ਖ਼ਿਲਾਫ਼ ਆਜ਼ਾਦ ਲੜਨਗੀਆਂ ਪਤਨੀਆਂ
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਆ ਕੇ ਖ਼ਲਲ ਪਾਉਣ ਵਾਲੇ ਦੁਰਗੇਸ਼ ਪਾਠਕ, ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਵਰਗੇ ਲੋਕਾਂ ਬਾਰੇ ਗੱਲ ਕੀਤੀ ਹੈ ਪਰ ਜੋ ਯੂ. ਪੀ., ਬਿਹਾਰ ਅਤੇ ਹੋਰ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਨਾਲ ਪਿਆਰ ਦਾ ਰਿਸ਼ਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਭ ਤੋਂ ਜ਼ਿਆਦਾ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ, ਰਿਪੋਰਟ 'ਚ ਹੋਇਆ ਖ਼ੁਲਾਸਾ
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਚੋਣ ਰੈਲੀ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਾਸੀਆਂ ’ਤੇ ਟਿੱਪਣੀਆਂ ਕੀਤੀਆਂ ਸਨ। ਪੰਜਾਬ ’ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਪੰਜਾਬੀਆਂ ਦਾ ਹੈ, ਇੱਥੇ ਕੋਈ ਨਵੀਂ ਸਿਆਸਤ ਨਹੀਂ ਮਿਲੇਗੀ। ਜੋ ਬਾਹਰ ਤੋਂ ਆਉਂਦੇ ਹਨ, ਉਨ੍ਹਾਂ ਨੂੰ ਪੰਜਾਬੀਅਤ ਸਿਖਾਓ। ਚੰਨੀ ਨੇ ਕਿਹਾ ਸੀ ਕਿ ਯੂ. ਪੀ. ਦੇ, ਬਿਹਾਰ ਦੇ, ਦਿੱਲੀ ਦੇ ਭਈਏ ਆ ਕੇ ਇੱਥੇ ਰਾਜ ਨਹੀਂ ਕਰ ਸਕਦੇ। ਸਾਡੇ ਇੱਥੇ ਰਾਜ ਕਰਨਾ ਚਾਹ ਰਹੇ ਯੂ. ਪੀ, ਬਿਹਾਰ ਅਤੇ ਦਿੱਲੀ ਦੇ ਭਈਆਂ ਨੂੰ ਪੰਜਾਬ ’ਚ ਦਾਖ਼ਲ ਨਹੀਂ ਹੋਣ ਦੇਣਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ