CM ਚੰਨੀ ਨੇ ਸਸਤੇ ਮਕਾਨਾਂ ਦਾ ਸੁਫ਼ਨਾ ਸਾਕਾਰ ਕਰਨ ਸਬੰਧੀ 'ਅਟਲ ਅਪਾਰਟਮੈਂਟਸ' ਦਾ ਰੱਖਿਆ ਨੀਂਹ ਪੱਥਰ
Thursday, Dec 16, 2021 - 02:57 PM (IST)
            
            ਲੁਧਿਆਣਾ (ਹਿਤੇਸ਼, ਰਿੰਕੂ) : ਸਾਰਿਆਂ ਲਈ ਸਸਤੇ ਮਕਾਨ ਦੇ ਸੁਫ਼ਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਪੱਖੋਵਾਲ ਰੋਡ ’ਤੇ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਅਟੱਲ ਅਪਾਰਟਮੈਂਟਸ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ 100 ਫ਼ੀਸਦੀ ਸਵੈ ਵਿੱਤ ਸਕੀਮ ਤਹਿਤ ਬਣਾਇਆ ਜਾ ਰਿਹਾ ਹੈ ਅਤੇ ਇਸ ਵਿੱਚ 12 ਮੰਜ਼ਿਲਾ, 336 ਐੱਚ. ਆਈ. ਜੀ. ਅਤੇ 240 ਐੱਮ. ਆਈ. ਜੀ. ਫਲੈਟ ਹੋਣਗੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਸਨੀਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜ਼ੀਹ ਹੈ।
ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
ਉਨ੍ਹਾਂ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇੜੇ 8.80 ਏਕੜ ਵਿੱਚ ਪ੍ਰਸਤਾਵਿਤ ਫਲੈਟਾਂ ਲਈ ਜ਼ਮੀਨ ਇੰਪਰੂਵਮੈਂਟ ਟਰੱਸਟ ਦੇ ਕਬਜ਼ੇ ਵਿੱਚ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਸ ਸਕੀਮ ਲਈ 18 ਦਸੰਬਰ, 2021 ਤੱਕ ਅਪਲਾਈ ਕਰ ਸਕਦੇ ਹਨ ਅਤੇ 24 ਦਸੰਬਰ, 2021 ਨੂੰ ਡਰਾਅ ਕੱਢਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਫਲੈਟਾਂ ਵਿੱਚ ਭੂਚਾਲ ਰੋਧਕ ਢਾਂਚਾ, ਐੱਚ. ਆਈ. ਜੀ., ਐੱਮ. ਆਈ. ਜੀ. ਅਤੇ ਕਲੱਬ ਲਈ ਵੱਖਰਾ ਗਰੀਨ ਪਾਰਕ, ਇਨਡੋਰ ਸਵੀਮਿੰਗ ਪੂਲ ਵਾਲਾ ਵੱਖਰਾ ਕਲੱਬ, ਮਲਟੀਪਰਪਜ਼ ਹਾਲ, ਜਿਮਨੇਜ਼ੀਅਮ, ਟੇਬਲ ਟੈਨਿਸ ਕਮਰੇ, ਵੱਖਰਾ ਸਮਰਪਿਤ ਟਾਵਰ ਪਾਰਕਿੰਗ, ਹਰੇਕ ਫਲੈਟ ਵਿੱਚ ਵੀਡੀਓ ਡੋਰ ਫੋਨ ਹੋਣਗੇ।
ਇਸ ਦੇ ਨਾਲ ਹੀ 24 ਘੰਟੇ ਸੁਰੱਖਿਆ ਲਈ ਸਾਈਟ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਸੀ. ਸੀ. ਟੀ. ਵੀ. ਕੈਮਰੇ, 24 ਘੰਟੇ ਬੈਕਅਪ ਦੇ ਨਾਲ ਹਰੇਕ ਬਲਾਕ ਵਿੱਚ ਇੱਕ 13 ਯਾਤਰੀ ਸਟ੍ਰੈਚਰ ਲਿਫਟ ਦੇ ਨਾਲ 2 ਲਿਫਟਾਂ, ਬਾਹਰੀ ਉਚਾਈਆਂ 'ਤੇ ਲਾਲ ਟਾਈਲਾਂ ਦੇ ਸੁਮੇਲ ਨਾਲ ਧੋਤੀ ਗਈ ਗਰਿੱਟ ਫਿਨਿਸ਼, ਸਾਰੇ ਕਮਰਿਆਂ ਵਿੱਚ ਵੱਡੀ ਬਾਲਕੋਨੀ, ਡਰਾਇੰਗ ਰੂਮ ਅਤੇ ਰਸੋਈ, ਨਵੀਨਤਮ ਤਕਨੀਕਾਂ ਨਾਲ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਯਾਰਡ ਹਾਈਡ੍ਰੈਂਟ ਅਤੇ ਵੈਟ ਰਾਈਜ਼ਰ ਦੇ ਨਾਲ ਸੈਂਟਰਲਾਈਜ਼ਡ ਫਾਇਰ ਹਾਈਡ੍ਰੈਂਟ ਸਿਸਟਮ, ਲਿਫਟਾਂ ਲਈ 24 ਘੰਟੇ ਪਾਵਰ ਬੈਕਅੱਪ ਦੀ ਵਿਵਸਥਾ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਚੇਅਰਮੈਨ ਰਮਨ ਸੁਬਰਾਮਨੀਅਮ, ਪੀ. ਐਸ. ਆਈ. ਡੀ. ਸੀ. ਚੇਅਰਮੈਨ ਕੇਕੇ ਬਾਵਾ, ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 
