ਪੰਜਾਬ ਦੇ ਥਰਮਲ ਪਲਾਂਟ ਹੋ ਸਕਦੇ ਨੇ ਬੰਦ, ਮੁੱਖ ਮੰਤਰੀ ਚੰਨੀ ਵੱਲੋਂ ਬਿਜਲੀ ਸੰਕਟ ਟਾਲਣ ਲਈ ਕੇਂਦਰ ਨੂੰ ਖ਼ਾਸ ਅਪੀਲ

10/10/2021 10:58:22 AM

ਚੰਡੀਗੜ੍ਹ : ਕੋਲ ਇੰਡੀਆ ਲਿਮਟਿਡ ਦੀਆਂ ਵੱਖ-ਵੱਖ ਸਹਾਇਕ ਕੰਪਨੀਆਂ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸਮਝੌਤਿਆਂ ਮੁਤਾਬਕ ਕੋਲੇ ਦੀ ਲੋੜੀਂਦੀ ਸਪਲਾਈ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਰਧਾਰਿਤ ਕੋਟੇ ਦੇ ਮੁਤਾਬਕ ਸੂਬੇ ਲਈ ਕੋਲੇ ਦੀ ਸਪਲਾਈ ਤੁਰੰਤ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਬਿਜਲੀ ਸੰਕਟ 'ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਲੇ ਦੇ ਭੰਡਾਰ ਘਟਣ ਕਾਰਨ ਸੂਬੇ ਦੇ ਥਰਮਲ ਪਲਾਂਟ ਬੰਦ ਹੋ ਸਕਦੇ ਹਨ ਕਿਉਂਕਿ ਅਗਲੇ ਕੁੱਝ ਦਿਨਾਂ ਵਿਚ ਮੌਜੂਦ ਭੰਡਾਰ ਵੀ ਖ਼ਤਮ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ, ਵਿਧਾਨ ਸਭਾ ਚੋਣਾਂ ਦੌਰਾਨ 'ਬਜ਼ੁਰਗ ਵੋਟਰ' ਘਰ ਬੈਠੇ ਪਾ ਸਕਣਗੇ ਵੋਟ

ਸੂਬੇ ਦੀ ਬਿਜਲੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲੇ ਦੀ ਢੁੱਕਵੀਂ ਸਪਲਾਈ ਨਾ ਮਿਲਣ ਕਰਕੇ ਸਾਰੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਕਰਨ ਦੇ ਯੋਗ ਨਹੀਂ। ਹਾਲਾਂਕਿ, ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਜਿੱਥੇ ਵੀ ਝੋਨੇ ਦੀ ਫ਼ਸਲ ਪੱਕਣ ਤੱਕ ਸਿੰਚਾਈ ਲਈ ਬਿਜਲੀ ਦੀ ਲੋੜ ਹੈ, ਉੱਥੇ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਘਰੇਲੂ ਖ਼ਪਤਕਾਰਾਂ ਲਈ ਬਿਜਲੀ ਕੱਟ ਲਾਏ ਜਾ ਰਹੇ ਹਨ ਤਾਂ ਕਿ ਖੇਤੀਬਾੜੀ ਸੈਕਟਰ ਲਈ ਢੁੱਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਗਰਿੱਡ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ : ਮਾਛੀਵਾੜਾ ਦੇ 'ਹਰੇ ਸਮੋਸੇ' ਦੀਆਂ ਚਾਰੇ ਪਾਸੇ ਪਈਆਂ ਧੁੰਮਾਂ, ਬਾਹਰਲੇ ਸੂਬਿਆਂ ਤੋਂ ਵੀ ਖਾਣ ਆਉਂਦੇ ਨੇ ਲੋਕ (ਤਸਵੀਰਾਂ)

ਇਸ ਤੋਂ ਪਹਿਲਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂੰ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿਚ ਥਰਮਲ ਪਲਾਂਟ ਕੋਲੇ ਦੀ ਕਮੀ ਅਤੇ ਕੋਲੇ ਦੀ ਸਪਲਾਈ ਦੇ ਸੰਕਟ ਵਿੱਚੋਂ ਲੰਘ ਰਹੇ ਹਨ। ਸੂਬੇ ਵਿਚ ਪ੍ਰਾਈਵੇਟ ਬਿਜਲੀ ਨਿਰਮਾਤਾ (ਆਈ. ਪੀ. ਪੀ.) ਕੋਲ ਕੋਲੇ ਦਾ ਸਟਾਕ ਦੋ ਦਿਨ ਤੋਂ ਵੀ ਘੱਟ ਬਚਿਆ ਹੈ, ਜਿਨ੍ਹਾਂ ਵਿਚ ਨਾਭਾ ਪਾਵਰ ਪਲਾਂਟ (1.9 ਦਿਨ), ਤਲਵੰਡੀ ਸਾਬੋ ਪਲਾਂਟ (1.3 ਦਿਨ), ਜੀ. ਵੀ. ਕੇ. (0.6 ਦਿਨ) ਅਤੇ ਇਹ ਲਗਾਤਾਰ ਘਟ ਰਿਹਾ ਹੈ ਕਿਉਂ ਜੋ ਕੋਲ ਇੰਡੀਆ ਲਿਮਟਿਡ ਵੱਲੋਂ ਲੋੜ ਮੁਤਾਬਕ ਕੋਲੇ ਦੀ ਸਪਲਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਵਧਣਗੇ ਬਿਜਲੀ ਕੱਟ, ਦਿੱਲੀ ’ਚ ਬਲੈਕ ਆਊਟ ਦਾ ਖ਼ਤਰਾ

ਪੀ. ਐੱਸ. ਪੀ. ਸੀ. ਐੱਲ. ਦੇ ਪਲਾਂਟ ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਸ਼ਾਮਲ ਹਨ, ਕੋਲ ਸਿਰਫ ਦੋ ਦਿਨ ਦਾ ਸਟਾਕ ਹੈ ਅਤੇ ਰੋਜ਼ ਘੱਟ ਰਿਹਾ ਹੈ। ਇਨ੍ਹਾਂ ਸਾਰੇ ਪਲਾਂਟਾਂ ਨੂੰ ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਵੱਲੋਂ ਇਨ੍ਹਾਂ ਨਾਲ ਹੋਏ ਫਿਊਲ ਸਪਲਾਈ ਸਮਝੌਤਿਆਂ ਦੇ ਤਹਿਤ ਕੋਲੇ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਇਸ ਵੇਲੇ ਸਪਲਾਈ ਲੋੜੀਂਦੇ ਪੱਧਰ ਤੋਂ ਵੀ ਬਹੁਤ ਘੱਟ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News