ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦੀ ਹਾਈ ਕੋਰਟ 'ਚ ਸੁਣਵਾਈ ਅੱਜ
Wednesday, May 29, 2019 - 09:48 AM (IST)

ਚੰਡੀਗੜ੍ਹ (ਹਾਂਡਾ) - ਬਹਿਬਲਕਲਾਂ ਗੋਲੀਕਾਂਡ ਦੇ ਮਾਮਲੇ 'ਚ ਮੁਲਜ਼ਮ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵਲੋਂ ਇਕ ਵਾਰ ਫਿਰ ਹਾਈਕੋਰਟ 'ਚ ਅੰਤਰਿਮ ਰਾਹਤ ਲਈ ਗੁਹਾਰ ਲਾਈ ਗਈ ਹੈ। ਇਸ ਵਾਰ ਉਨ੍ਹਾਂ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਚਰਨਜੀਤ ਸ਼ਰਮਾ ਦਿਲ ਦੇ ਮਰੀਜ਼ ਹਨ ਤੇ ਉਨ੍ਹਾਂ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਦਿਲ ਦੀ ਬਲਾਕੇਜ ਵਧਦੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਪੀ. ਜੀ. ਆਈ. 'ਚੋਂ ਸਟੈਂਟ ਪਵਾਉਣੇ ਹਨ। ਵਕੀਲ ਨੇ ਅਦਾਲਤ ਨੂੰ ਪੀ. ਜੀ. ਆਈ. ਦਾ ਕਾਰਡ ਤੇ ਹੋਰ ਰਿਪੋਰਟਾਂ ਵੀ ਦਿਖਾਈਆਂ। ਅਦਾਲਤ ਕਿਸੇ ਫੈਸਲੇ 'ਤੇ ਪਹੁੰਚ ਪਾਉਂਦੀ, ਇਸ ਤੋਂ ਪਹਿਲਾਂ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਦਾ ਪੱਖ ਖੁਦ ਐਡਵੋਕੇਟ ਜਨਰਲ ਰੱਖਣਗੇ, ਜੋ ਦੂਸਰੇ ਕੇਸਾਂ 'ਚ ਰੁੱਝੇ ਹੋਏ ਹਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ 29 ਮਈ ਤੱਕ ਟਾਲ ਦਿੱਤੀ ਹੈ।