ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਉਤਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਡੇ ਸਿਆਸੀ ਧਮਾਕੇ

Sunday, Feb 13, 2022 - 09:39 PM (IST)

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਉਤਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਡੇ ਸਿਆਸੀ ਧਮਾਕੇ

ਲੁਧਿਆਣਾ/ਪਟਿਆਲਾ (ਵੈੱਬ ਡੈਸਕ) : ਵਿਧਾਨ ਸਭਾ ਚੋਣਾਂ ਦੇ ਚੱਲਦੇ ਪੰਜਾਬ ਦੌਰੇ ’ਤੇ ਆਏ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡੇ ਹਮਲੇ ਬੋਲੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉਹ ਸਿਰਫ ਕਾਂਗਰਸ ਹੀ ਸੀ ਜਿਸ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਪੰਜਾਬ ’ਚ ਦੁਬਾਰਾ ਵਿਰੋਧੀ ਆਏ ਤਾਂ ਫਿਰ ਤੋਂ ਅੱਤਵਾਦ ਜਿੰਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ, ਇਸ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਪੂਰੀ ਤਰ੍ਹਾਂ ਇਸ ਦੀ ਸੁਰੱਖਿਆ ਕਰੇ। ਕੋਈ ਲੱਚਰ ਸਰਕਾਰ ਪੰਜਾਬ ਦੀ ਸੁਰੱਖਿਆ ਨਹੀਂ ਕਰ ਸਕਦੀ। ਚੰਨੀ ਦੀ ਅਗਵਾਈ ਵਿਚ ਪੰਜਾਬ ਸੁਰੱਖਿਅਤ ਨਹੀਂ ਹੈ। ਸ਼ਾਹ ਨੇ ਕਿਹਾ ਕਿ ਇਥੇ ਕੋਈ ਕਾਮੇਡੀ ਫਿਲਮ ਨਹੀਂ ਸਗੋਂ ਦੇਸ਼ ਚਲਾਉਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਅਤੇ ਸਿਰਫ ਵੋਟਾਂ ਦੀ ਗੱਲ ਕਰਦਾ ਹੈ। ਉਨ੍ਹਾਂ ਨੂੰ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਤੇਜ਼ ਹੋਈ ਬਗਾਵਤ, ਸੰਸਦ ਮੈਂਬਰ ਜਸਬੀਰ ਡਿੰਪਾ ਨੇ ਕੀਤਾ ਵੱਡਾ ਧਮਾਕਾ

ਚਰਨਜੀਤ ਚੰਨੀ ਦਾ ਹੱਥਾਂ ’ਚ ਪੰਜਾਬ ਸੁਰੱਖਿਅਤ ਨਹੀਂ

ਗ੍ਰਹਿ ਮੰਤਰੀ ਨੇ ਕਿਹਾ ਕਿ ਚਰਨਜੀਤ ਚੰਨੀ ਸਾਬ੍ਹ ਪੰਜਾਬ ਵਿਚ ਫਿਰ ਕਾਂਗਰਸ ਦੀ ਸਰਕਾਰ ਬਨਾਉਣ ਦਾ ਸੁਫ਼ਨਾ ਦੇਖ ਰਹੇ ਹਨ ਪਰ ਜਿਹੜਾ ਮੁੱਖ ਮੰਤਰੀ ਆਪਣੇ ਪ੍ਰਧਾਨ ਮੰਤਰੀ ਦਾ ਰੂਟ ਸੁਰੱਖਿਅਤ ਨਹੀਂ ਰੱਖ ਸਕਦਾ ਉਹ ਪੰਜਾਬ ਦੀ ਸੁਰੱਖਿਆ ਕਿਵੇਂ ਕਰ ਸਕਦਾ ਹੈ। ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਪੰਜਾਬ ਸੁਰੱਖਿਅਤ ਨਹੀਂ ਹੈ। ਪੰਜਾਬ ਨੂੰ ਸਿਰਫ ਤੇ ਸਿਰਫ ਮੋਦੀ ਦੀ ਅਗਵਾਈ ਵਿਚ ਸੁਰੱਖਿਅਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੰਮ ਕੀਤਾ। ਪਹਿਲਾਂ ਯੂ. ਪੀ. ਏ. ਦੀ ਸਰਕਾਰ ਸੀ, ਉਸ ਸਮੇਂ ਰੋਜ਼ਾਨਾ ਦੇਸ਼ ਵਿਚ ਅੱਤਵਾਦੀ ਦਾਖਲ ਹੁੰਦੇ ਸਨ ਅਤੇ ਸਾਡੇ ਜਵਾਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਸਨ ਪਰ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਤਾਂ ਅੱਤਵਾਦੀ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦੇ। ਅਸੀਂ ਪੁਲਵਾਮਾ ਹਮਲੇ ਦਾ ਬਦਲਾ ਲਿਆ। ਏਅਰ ਸਟ੍ਰਾਈਕ ਅਤੇ ਸਰਜੀਕਲ ਸਟ੍ਰਾਈਕ ਕਰਕੇ ਦੇਸ਼ ਦੇ ਦੁਸ਼ਮਣਾ ਨੂੰ ਸਬਕ ਸਿਖਾਇਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ 30 ਪੰਨਿਆਂ ਦਾ 13 ਨੁਕਾਤੀ ‘ਪੰਜਾਬ ਮਾਡਲ’ ਕੀਤਾ ਜਾਰੀ

ਪੰਜਾਬ ਹਿੰਦੁਸਤਾਨ ਦਾ ਜਿਗਰ, ਪੰਜਾਬ ਤੋਂ ਬਿਨਾਂ ਦੇਸ਼ ਦਾ ਸਨਮਾਨ ਨਹੀਂ
ਆਪਣੇ ਸੰਬੋਧਨ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਹਿੰਦੁਸਤਾਨ ਦਾ ਜਿਗਰ ਹੈ, ਪੰਜਾਬ ਤੋਂ ਬਿਨਾਂ ਦੇਸ਼ ਦਾ ਸਨਮਾਨ ਨਹੀਂ ਹੈ। ਦੇਸ਼ ਦਾ ਕੋਈ ਵੀ ਅਜਿਹਾ ਘਰ ਨਹੀਂ ਹੋਵੇਗਾ ਜਿੱਥੇ ਦਸਮ ਪਿਤਾ ਦੀ ਤਸਵੀਰ ਨਹੀਂ ਹੋਵੇਗੀ। ਪੰਜਾਬ ਦਾ ਮਤਲਬ ਹੀ ਅਗਵਾਈ ਕਰਨਾ ਹੈ। ਪੰਜਾਬ ਨੇ ਦੇਸ਼ ਦੀ ਤਰੱਕੀ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਅੱਗੇ ਹੋ ਕੇ ਲੜਾ। ਜਦੋਂ ਦੇਸ਼ ਅੰਦਰ ਭੁੱਖਮਰੀ ਸੀ ਤਾਂ ਉਦੋਂ ਪੰਜਾਬ ਨੇ ਦੇਸ਼ ਦੀ ਭੁੱਖ ਦੂਰ ਕੀਤੀ। ਇਸ ਵਾਰ ਜੇਕਰ ਐਨ. ਡੀ. ਏ. ਦੀ ਸਰਕਾਰ ਬਣਦੀ ਹੈ ਤਾਂ ਲੁਧਿਆਣਾ ਦੇ ਸਾਈਕਲ ਨੂੰ ਦੁਨੀਆ ਭਰ ਵਿਚ ਪਹੁੰਚਾਇਆ ਜਾਵੇਗਾ। ਪੰਜਾਬ ਦੇ ਕਿਸਾਨਾਂ ਅਤੇ ਉਦਯੋਗਪਤੀਆਂ ਨੇ ਪੂਰੇ ਦੇਸ਼ ਦਾ ਸਨਮਾਨ ਵਧਾਇਆ ਹੈ। ਹੁਣ ਵੀ ਪੰਜਾਬ ਦੇ ਹਰ ਘਰ ਵਿਚੋਂ ਸੁਰੱਖਿਆ ਫੋਰਸਾਂ ਵਿਚ ਨੌਜਵਾਨ ਤਾਇਨਾਤ ਹਨ। ਸਾਡੇ ਦੇਸ਼ ਦੀ ਹਰ ਸਰਹੱਦ ’ਤੇ ਪੰਜਾਬ ਦਾ ਪੁੱਤ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਤਿੰਨ ਪੀੜ੍ਹੀਆਂ ਤੱਕ ਕਾਂਗਰਸ ਦੀ ਸਰਕਾਰ ਚੱਲੀ ਪਰ ਇਕ ਰੈਂਕ ਇਕ ਪੈਨਸ਼ਨ ਦਾ ਮੁੱਦਾ ਹੱਲ ਨਹੀਂ ਹੋਇਆ ਪਰ ਜਿਵੇਂ ਹੀ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਇਹ ਮੁੱਦਾ ਹੱਲ ਕੀਤਾ ਗਿਆ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਜਪਾ ਦੀ ਲੋੜ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਨਾ ਤਾਂ ਅਕਾਲੀ ਦਲ ਨਸ਼ੇ ਨੂੰ ਖ਼ਤਮ ਕਰ ਸਕਿਆ ਹੈ ਅਤੇ ਨਾ ਹੀ ਕਾਂਗਰਸ ’ਤੇ ਕਾਰਵਾਈ ਕਰ ਸਕੀ ਹੈ। ਸਿਰਫ ਭਾਜਪਾ ਦੀ ਸਰਕਾਰ ਹੀ ਪੰਜਾਬ ਵਿਚ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਨ. ਡੀ. ਏ. ਦੀ ਸਰਕਾਰ ਬਣਦੀ ਹੈ ਤਾਂ ਪੰਜ ਸਾਲਾਂ ਦੇ ਅੰਦਰ ਨਸ਼ੇ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੀ ਸਖ਼ਤ ਲੋੜ ਹੈ। ਬਾਰਡਰ ਤੋਂ ਨਸ਼ਿਆਂ ਦੀ ਸਪਲਾਈ ਹੁੰਦੀ ਹੈ, ਇਸ ਕਰਕੇ ਇੱਥੇ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੇ ਦਿੱਲੀ ਨੂੰ ਸ਼ਰਾਬ ਵਿਚ ਡੁਬੋ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਚਾਰ ਵੱਡੇ ਸ਼ਹਿਰਾਂ ਵਿਚ ਲੁਧਿਾਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲੇ ਵਿਚ ਐਂਟੀ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਜਾਣਗੇ ਜੋ ਨਸ਼ੇ ’ਤੇ ਠੱਲ੍ਹ ਪਾਉਣਗੇ।

ਇਹ ਵੀ ਪੜ੍ਹੋ : ਚੋਣ ਮੈਦਾਨ ’ਚ ਉੱਤਰੀ ਨਵਜੋਤ ਸਿੱਧੂ ਦੀ ਧੀ ਰਾਬੀਆ, ਪਹਿਲੀ ਵਾਰ ਬਿਕਰਮ ਮਜੀਠੀਆ ’ਤੇ ਬੋਲਿਆ ਵੱਡਾ ਹਮਲਾ

ਸਿੱਖਾਂ ਤੇ ਹਿੰਦੂਆਂ ਦਾ ਧਰਮ ਪਰਿਵਰਤਨ ਰੋਕਣ ਲਈ ਭਾਜਪਾ ਸਰਕਾਰ ਦੀ ਲੋੜ
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ਦੇ ਧਰਮ ਪਰਿਵਰਤਨ ਹੋ ਰਿਹਾ ਹੈ ਨਾ ਸਿਰਫ਼ ਹਿੰਦੂ ਭਾਈਚਾਰੇ ਦਾ ਸਗੋਂ ਸਿੱਖ ਭਾਈਚਾਰੇ ਦਾ ਵੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਨਾ ਤਾਂ ਕੇਜਰੀਵਾਲ ਰੋਕ ਸਕਦਾ ਅਤੇ ਨਾ ਹੀ ਚੰਨੀ ਉਸ ਨੂੰ ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਰਮ ਪਰਿਵਰਤਨ ਇਕ ਵੱਡਾ ਮੁੱਦਾ ਹੈ। ਅੱਗੇ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਲੁਧਿਆਣਾ ਦੇ ਸਾਈਕਲ ਨੂੰ ਵਿਸ਼ਵ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਐੱਮ. ਐੱਸ. ਐੱਮ. ਈ ਨੂੰ ਚਾਰ ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ, ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿਚ ਜਿਹੜੀ ਇੰਡਸਟਰੀ ਬੰਦ ਹੋ ਗਈ ਹੈ, ਉਸ ਨੂੰ ਮੁੜ ਸੁਰਜੀਤ ਕਰਨ ਲਈ ਭਾਜਪਾ ਵੱਲੋਂ ਯਤਨ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News