ਏ. ਜੀ. ਮਾਮਲੇ ’ਤੇ ਘਿਰੀ ਚੰਨੀ ਸਰਕਾਰ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
Wednesday, Nov 10, 2021 - 06:29 PM (IST)

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨਵਜੋਤ ਸਿੱਧੂ ਦੇ ਦਬਾਅ ਵਿਚ ਆ ਕੇ ਏ. ਜੀ. ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ। ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ’ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਨੂੰ ਘੇਰਿਆ ਹੈ। ਜਾਖੜ ਨੇ ਟਵਿੱਟ ਕਰਕੇ ਆਖਿਆ ਹੈ ਕਿ ‘ਇਕ ਸਮਰੱਥ ਪਰ ਕਥਿਤ ਤੌਰ ’ਤੇ ਕੰਪਰਮਾਈਜ਼ਡ ਅਧਿਕਾਰੀ ਨੂੰ ਹਟਾਉਣ ’ਤੇ ਅਸਲ ਵਿਚ ਕੰਪਰਮਾਈਜ਼ਡ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਆਇਆ ਹੈ। ਇਸ ਨਾਲ ਵੱਡਾ ਸਵਾਲ ਖੜ੍ਹਾ ਹੁੰਦਾ ਹੈ? ਇਥੇ ਹੀ ਬਸ ਨਹੀਂ ਜਾਖੜ ਨੇ ਇਹ ਵੀ ਪੁੱਛਿਆ ਹੈ ਕਿ ਪੰਜਾਬ ਵਿਚ ਆਖਿਰ ਸਰਕਾਰ ਕਿਸ ਦੀ ਹੈ?
ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ
ਦੱਸਣਯੋਗ ਹੈ ਕਿ ਏ. ਜੀ. ਬਦਲਣ ਦੇ ਫ਼ੈਸਲੇ ਤੋਂ ਬਾਅਦ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਏ. ਜੀ. ਏ. ਪੀ. ਐੱਸ. ਦਿਓਲ ਨੂੰ ਹਟਾਇਆ ਗਿਆ ਅਤੇ ਇਸ ਤੋਂ ਪਹਿਲਾਂ ਅਤੁਲ ਨੰਦਾ ਨੂੰ ਵੀ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਨੂੰ ਲੈ ਕੇ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਵਕੀਲ ਕਿਸੇ ਕੇਸ ਜਾਂ ਉਸ ਨਾਲ ਜੁੜੇ ਵਿਅਕਤੀ ਨਾਲ ਵਿਆਹਿਆ ਨਹੀਂ ਹੁੰਦਾ। ਹੁਣ ਪੰਜਾਬ ਸਰਕਾਰ ਨਵੇਂ ਏ.ਜੀ. ਦੀ ਨਿਯੁਕਤੀ ਕਰਨ ਜਾ ਰਹੀ ਹੈ ਤਾਂ ਇਹ ਸਲਾਹ ਹੈ ਕਿ ਇਸ ਵਾਰ ਬਾਰ ਕਾਊਂਸਲ ਆਫ਼ ਇੰਡੀਆ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਹੀ ਨਿਯੁਕਤੀ ਕੀਤੀ ਜਾਵੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਚੁਫ਼ੇਰਿਓਂ ਚਰਚਾ, 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਫ਼ੈਸਲਾ ਲੈ ਸਕਦੀ ਹੈ ਹਾਈਕਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?