ਮੋਰਿਡਾ ਬੱਸ ਸਟੈਂਡ ਦੇ ਕੋਲ 20 ਕਰੋੜ ਨਾਲ ਬਣੇਗਾ ਅੰਡਰ ਪਾਸ : ਚੰਨੀ

01/11/2020 10:57:04 AM

ਚੰਡੀਗੜ੍ਹ (ਭੁੱਲਰ) : ਮੋਰਿੰਡਾ ਬੱਸ ਸਟੈਂਡ ਦੇ ਕੋਲ 20 ਕਰੋੜ ਦੀ ਲਾਗਤ ਨਾਲ ਬਣੇਗਾ ਅੰਡਰ ਪਾਸ, ਜਿਸ ਦਾ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਇਥੇ ਲੋਕ ਨਿਰਮਾਣ ਵਿਭਾਗ ਦੇ ਅੀਧਕਾਰੀਆਂ ਨਾਲ ਮੀਟਿੰਗ ਕਰਕੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਨਾਲ ਸਬੰਧਿਤ ਲੋਕ ਨਿਰਮਾਣ ਵਿਭਾਗ ਅਧੀਨ ਚਲ ਰਹੇ ਕੰਮਾਂ ਬਾਰੇ ਜਾਇਜਾ ਲਿਆ ਅਤੇ ਮੀਟਿੰਗ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ।

ਚੰਨੀ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਪੁਰਾਣੀ ਲੁਧਿਆਣਾ-ਚੰਡੀਗੜ੍ਹ ਸੜਕ ਨੂੰ ਕ੍ਰਾਸ ਕਰਦੀ ਸਰਹਿੰਦ-ਨੰਗਲ ਡੈਮ ਰੇਲਵੇ ਲਾਈਨ ਵਿਖੇ ਬਣਨ ਵਾਲੇ ਅੰਡਰ ਪਾਸ ਦੀ ਉਸਾਰੀ ਦੇ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਪ੍ਰੀਕਿਰਿਆ ਪੂਰੀ ਕਰ ਲਈ ਗਈ ਹੈ। ਇਸ ਅੰਡਰ ਪਾਸ ਦੀ ਲੰਬਾਈ 1580 ਫੁੱਟ ਅਤੇ ਚੌੜਾਈ 46 ਫੁੱਟ ਹੋਵੇਗੀ। ਇਸ ਅੰਡਰ ਪਾਸ ਦੇ ਨਾਲ ਦੋਨੋਂ ਪਾਸੇ ਸਰਵਿਸ ਰੋਡ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਆਰ.ਯੂ.ਬੀ. ਨੂੰ ਸ਼ੈਡ ਨਾਲ ਕਵਰ ਕੀਤਾ ਜਾਵੇਗਾ ਅਤੇ ਇਸ ਦੇ ਅੰਦਰ ਲਾਈਟਾਂ ਵੀ ਲਗਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਚੰਨੀ ਨੇ ਨਾਲ ਹੀ ਦੱਸਿਆ ਕਿ ਓਲਡ ਮੋਰਿੰਡਾ-ਰੋਪੜ ਸੜਕ (ਮੋਰਿਡਾ ਤੋਂ ਕਾਈਨੌਰ ਤੱਕ) ਦੀ ਮਜ਼ਬੂਤੀ ਲਈ ਵੀ ਤਿੰਨ ਕਰੋੜ ਰੁਪਏ ਮੰਨਜੂਰ ਹੋ ਚੁੱਕੇ ਹਨ। ਇਸ ਸੜਕ ਨੂੰ ਮਜਬੂਤ ਕਰਨ ਲਈ ਕਾਰਵਾਈ ਆਰੰਭੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਭਾਰੀ ਅਤੇ ਓਵਰਲੋਡ ਟ੍ਰੈਫਿਕ ਦੀ ਆਵਾਜਾਈ ਬਹੁਤ ਜਿਆਦਾ ਵਧ ਗਈ ਹੈ ਕਿਉਂਕਿ ਰੋਪੜ ਤੋਂ ਕੁਰਾਲੀ ਅਤੇ ਰੋਪੜ ਤੋਂ ਸ੍ਰੀ ਚਮਕੌਰ ਸਾਹਿਬ ਸੜਕ ਤੋਂ ਟੋਲ ਲੱਗਿਆ ਹੋਣ ਕਰਕੇ ਖਾਸ ਤੌਰ 'ਤੇ ਵੱਡੇ ਟਰਾਲਿਆਂ ਅਤੇ ਟਿਪਰਾਂ ਵਲੋਂ ਇਸ ਸੜਕ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਸੜਕ ਵਾਰ-ਵਾਰ ਖਰਾਬ ਹੋ ਰਹੀ ਹੈ, ਪਰ ਜਲਦ ਹੀ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ।


Babita

Content Editor

Related News