ਪ੍ਰੋ. ਚੰਦੂਮਾਜਰਾ ਵੱਲੋਂ ਸ੍ਰੀ ਦਰਬਾਰ ਸਾਹਿਬ ''ਤੇ ਹੋਏ ਹਮਲੇ ''ਚ ਬ੍ਰਿਟਿਸ਼ ਅਧਿਕਾਰੀ ਦੀ ਸਲਾਹ ਹੋਣ ਦਾ ਬਿੱਲ ਸੰਸਦ ''ਚ ਪੇਸ਼
Wednesday, Dec 06, 2017 - 07:52 AM (IST)
ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ) - ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਵਾਰ ਸੰਸਦ ਵਿਚ 3 ਪ੍ਰਾਈਵੇਟ ਬਿੱਲ ਪੇਸ਼ ਕੀਤੇ। ਇਨ੍ਹਾਂ ਵਿਚ ਸਭ ਤੋਂ ਪਹਿਲਾ ਬਿੱਲ 1984 'ਚ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਵਿਚ ਬ੍ਰਿਟਿਸ਼ ਅਧਿਕਾਰੀ ਦੀ ਸਲਾਹ ਹੋਣ ਦੀ ਗੱਲ ਸਾਹਮਣੇ ਆਉਣ ਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬ੍ਰਿਟਿਸ਼ ਸਰਕਾਰ ਸਿੱਖ ਕੌਮ ਤੋਂ ਮੁਆਫੀ ਮੰਗੇ। ਇਸ ਦੇ ਨਾਲ ਹੀ ਕੇਂਦਰ ਵਿਚ ਜਿਹੜੀ ਪਾਰਟੀ ਦਾ ਰਾਜ ਸੀ, ਉਹ ਵੀ ਇਸ ਲਈ ਸਿੱਖ ਕੌਮ ਤੋਂ ਮੁਆਫੀ ਮੰਗੇ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਹਾਲ ਹੀ ਵਿਚ ਬ੍ਰਿਟਿਸ਼ ਪਾਰਲੀਮੈਂਟ 'ਚ ਉਥੋਂ ਦੇ ਸੰਸਦ ਮੈਂਬਰਾਂ ਨੇ ਇਹ ਮਾਮਲਾ ਸਾਹਮਣੇ ਲਿਆਂਦਾ ਸੀ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਇਕ ਬ੍ਰਿਟਿਸ਼ ਅਧਿਕਾਰੀ ਦੀ ਸਲਾਹ 'ਤੇ ਕੀਤਾ ਗਿਆ ਸੀ। ਇਸ ਨਾਲ ਦੋ ਚੀਜ਼ਾਂ ਸਾਹਮਣੇ ਆਈਆਂ। ਇਕ ਤਾਂ ਅਸੀਂ ਅੱਜ ਵੀ ਅੰਗਰੇਜ਼ਾਂ ਦੇ ਗੁਲਾਮ ਹਾਂ। ਦੂਜਾ ਇਕ ਪ੍ਰਭੂਸੱਤਾ ਸੰਪੰਨ ਦੇਸ਼ ਹੋਣ ਦੇ ਬਾਵਜੂਦ ਵੀ ਦੂਜੇ ਦੇਸ਼ਾਂ ਦਾ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ, ਜੋ ਨਹੀਂ ਹੋਣਾ ਚਾਹੀਦਾ। ਤੀਜਾ ਹੁਣ ਦੀ ਕੇਂਦਰ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਭਵਿੱਖ ਵਿਚ ਕੋਈ ਵੀ ਵਿਦੇਸ਼ੀ ਸਰਕਾਰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰ ਸਕੇ।
ਉਨ੍ਹਾਂ ਵੱਲੋਂ ਦੂਜਾ ਪ੍ਰਾਈਵੇਟ ਬਿੱਲ ਬਾਸਮਤੀ ਤੇ ਆਲੂਆਂ ਨੂੰ ਐੈੱਮ. ਐੈੱਸ. ਪੀ. ਵਿਚ ਸ਼ਾਮਲ ਕਰਨ ਲਈ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਐੈੱਮ. ਐੈੱਸ. ਪੀ. (ਘੱਟੋ-ਘੱਟ ਸਮਰਥਨ ਮੁੱਲ) ਵਿਚ 22 ਫਸਲਾਂ ਹਨ। ਇਨ੍ਹਾਂ ਵਿਚ ਬਾਸਮਤੀ ਤੇ ਆਲੂ ਨਹੀਂ ਹੈ। ਇਹ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਹਨ। ਇਸ ਲਈ ਇਨ੍ਹਾਂ ਦੋਵਾਂ ਨੂੰ ਵੀ ਐੈੱਮ. ਐੈੱਸ. ਪੀ. ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਤੀਜੇ ਬਿੱਲ ਰਾਹੀਂ ਉਨ੍ਹਾਂ ਨੇ ਕਸਟਮ ਅਤੇ ਐਕਸਾਈਜ਼ ਐਕਟ ਵਿਚ ਸੋਧ ਦੀ ਮੰਗ ਕੀਤੀ ਹੈ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਸ ਸਮੇਂ ਜਿਹੜੀਆਂ ਆਈਟਮਾਂ ਸਮੁੰਦਰ ਰਾਹੀਂ ਇੰਪੋਰਟ ਤੇ ਐਕਸਪੋਰਟ ਹੁੰਦੀਆਂ ਹਨ, ਉਨ੍ਹਾਂ ਦੀ ਗਿਣਤੀ 200 ਦੇ ਲਗਭਗ ਹੈ। ਸੜਕ ਰਾਹੀਂ ਜਾਣ ਵਾਲੀਆਂ ਆਈਟਮਾਂ ਦੀ ਗਿਣਤੀ 60 ਦੇ ਲਗਭਗ ਹੈ। ਇਸ ਦਾ ਸਿੱਧੇ ਤੌਰ 'ਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਜਿੰਨੀਆਂ ਆਈਟਮਾਂ ਸਮੁੰਦਰ ਰਾਹੀਂ ਇੰਪੋਰਟ ਤੇ ਐਕਸਪੋਰਟ ਹੁੰਦੀਆਂ ਹਨ, ਓਨੀਆਂ ਸੜਕਾਂ ਰਾਹੀਂ ਵੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਕ ਇੰਟੈਗਰੇਟਿਡ ਚੈੱਕ ਪੋਸਟ ਹੁਸੈਨੀਵਾਲਾ ਵਿਖੇ ਵੀ ਖੋਲ੍ਹੀ ਜਾਵੇ ਤਾਂ ਕਿ ਵਾਹਗਾ ਬਾਰਡਰ 'ਤੇ ਰਸ਼ ਘਟ ਸਕੇ।
