ਪੰਜਾਬ ਦੇ ਪਹਾੜੀ ਇਲਾਕੇ ਨੂੰ ਪੈਕੇਜ ਦਿਵਾਉਣ 'ਚ 'ਫੇਲ' ਹੋਏ ਸਾਂਪਲਾ ਤੇ ਚੰਦੂਮਾਜਰਾ

08/20/2017 12:17:42 AM

ਜਲੰਧਰ - ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਮੋਦੀ ਸਰਕਾਰ ਵਲੋਂ ਹਾਲ ਹੀ ਵਿਚ ਪਹਾੜੀ ਸੂਬਿਆਂ 'ਚ ਰੋਜ਼ਗਾਰ ਵਧਾਉਣ ਦੇ ਮੰਤਵ ਨਾਲ ਆਰਥਿਕ ਪੈਕੇਜ ਦਾ ਸਮਾਂ 2017 ਤੋਂ 2027 ਤੱਕ ਵਧਾ ਦੇਣ ਦੇ ਮਾਮਲੇ 'ਤੇ ਪੰਜਾਬ ਦੇ ਅਕਾਲੀ-ਭਾਜਪਾ ਸੰਸਦ ਮੈਂਬਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਮੋਦੀ ਸਰਕਾਰ 'ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਹੱਦ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਨਾਲ ਮਿਲਦੀ ਹੈ। ਪੰਜਾਬ ਦੇ ਇਨ੍ਹਾਂ ਪਹਾੜੀ ਇਲਾਕਿਆਂ ਦੇ ਭੂਗੋਲਿਕ, ਆਰਥਿਕ ਅਤੇ ਸੱਭਿਆਚਾਰਕ ਹਾਲਾਤ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਸਮਾਨ ਹਨ ਫਿਰ ਮੋਦੀ ਸਰਕਾਰ ਪੰਜਾਬੀ ਪਹਾੜੀ ਇਲਾਕਿਆਂ ਨਾਲ ਇਹ ਵਿਤਕਰਾ ਕਿਉਂ ਕਰ ਰਹੀ ਹੈ ਅਤੇ ਪੰਜਾਬ ਨੂੰ ਇਹ ਆਰਥਿਕ ਪੈਕੇਜ ਮੋਦੀ ਕਿਉਂ ਨਹੀਂ ਦੇ ਰਹੇ? ਜੇਕਰ ਰੋਜ਼ਗਾਰ ਦੀ ਲੋੜ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪਹਾੜੀਆਂ ਨੂੰ ਹੈ ਤਾਂ ਪੰਜਾਬ ਦੇ ਪਹਾੜੀਆਂ ਨੂੰ ਮੋਦੀ ਸਰਕਾਰ ਰੋਜ਼ਗਾਰ ਤੋਂ ਵਾਂਝਾ ਕਿਉਂ ਰੱਖਣਾ ਚਾਹੁੰਦੀ ਹੈ?
  ਨਿਮਿਸ਼ਾ ਮਹਿਤਾ ਨੇ ਪੰਜਾਬੀਆਂ ਨਾਲ ਹੋ ਰਹੇ ਇਸ ਪੱਖਪਾਤ ਦੀ ਵਜ੍ਹਾ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਤੇ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੱਸਦਿਆਂ ਕਿਹਾ ਕਿ ਜੇਕਰ ਚੰਦੂਮਾਜਰਾ ਅਤੇ ਸਾਂਪਲਾ ਆਪਣੇ ਪਹਾੜੀ ਵੋਟਰਾਂ ਨੂੰ ਰੋਜ਼ਗਾਰ ਦਿਵਾਉਣ ਦੀ ਸੋਚ ਰੱਖਦੇ ਹੁੰਦੇ ਤਾਂ ਮੋਦੀ ਤੋਂ ਪੰਜਾਬੀ ਪਹਾੜੀ ਖੇਤਰ 'ਚ ਸਨਅਤਾਂ ਲਗਵਾਉਣ ਲਈ ਇੰਡਸਟਰੀਅਲ ਪੈਕੇਜ ਲੈ ਕੇ ਆਉਂਦੇ ਤਾਂ ਜੋ ਗਰੀਬੀ 'ਚ ਰਹਿ ਰਹੇ ਬਹਾਦਰ ਪੰਜਾਬੀਆਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਹੁੰਦੇ ਪਰ ਇਨ੍ਹਾਂ ਦੋਵਾਂ ਆਗੂਆਂ ਵਿਚ ਮੋਦੀ ਅੱਗੇ ਮੰਗ ਰੱਖਣਾ ਤਾਂ ਦੂਰ ਅੱਗੇ ਜਾ ਕੇ 'ਚੂੰ' ਕਰਨ ਦੀ ਵੀ ਹਿੰਮਤ ਨਹੀਂ ਹੈ ਅਤੇ ਇਨ੍ਹਾਂ ਅਕਾਲੀ-ਭਾਜਪਾ ਸੰਸਦ ਮੈਂਬਰਾਂ ਦੀ ਕਮਜ਼ੋਰ ਕਾਰਗੁਜ਼ਾਰੀ ਸਦਕਾ ਹੀ ਪਹਾੜੀ ਪੰਜਾਬੀਆਂ ਨੂੰ ਰੋਜ਼ਗਾਰ ਤੋਂ ਸੱਖਣਾ ਰਹਿਣਾ ਪੈ ਰਿਹਾ ਹੈ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੇਂਦਰੀ ਮੰਤਰੀ ਸਾਂਪਲਾ ਅਤੇ ਚੰਦੂਮਾਜਰਾ ਆਪਣੇ ਵੋਟਰਾਂ ਨੂੰ ਰੋਜ਼ਗਾਰ ਪੈਕੇਜ ਦਿਵਾਉਣ ਵਿਚ ਪੂਰੀ ਤਰ੍ਹਾਂ ਫੇਲ ਹੋਣ ਦੇ ਕਾਰਨ ਸਪੱਸ਼ਟ ਕਰਨ ਜਾਂ ਆਪਣੇ ਵੋਟਰਾਂ ਲਈ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਹੋਣ 'ਤੇ ਆਪਣੇ-ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਨਿਮਿਸ਼ਾ ਨੇ ਕਿਹਾ ਕਿ ਪੰਜਾਬ ਨੂੰ ਸੱਖਣਾ ਰੱਖ ਕੇ ਪਹਾੜੀ ਸੂਬਿਆਂ ਨੂੰ ਇਹ ਪੈਕੇਜ ਦਿਵਾਉਣ ਦਾ ਸਿਲਸਿਲਾ ਬਾਦਲ ਪਿਓ-ਪੁੱਤ ਨੇ ਕੇਂਦਰੀ ਮੰਤਰੀ ਹੁੰਦਿਆਂ ਸ਼ੁਰੂ ਕੀਤਾ ਸੀ ਅਤੇ ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਸਲੇ 'ਤੇ ਮਗਰਮੱਛ ਦੇ ਹੰਝੂ ਸੁੱਟਣ ਦੀ ਬਜਾਏ ਉਨ੍ਹਾਂ ਦੇ ਪੁੱਤਰ ਵਲੋਂ ਪੰਜਾਬ ਨਾਲ ਕਰਵਾਏ ਆਰਥਿਕ ਧੋਖੇ ਦੀ ਮੁਆਫੀ ਮੰਗਣੀ ਚਾਹੀਦੀ ਹੈ।


Related News