ਫਿਰੋਜ਼ਪੁਰ ਦੇ DC ਰਹਿ ਚੁੱਕੇ ਚੰਦਰ ਗੈਂਦ ਨੇ ਗਾਇਆ ਗੀਤ, ਸੋਸ਼ਲ ਮੀਡੀਆ 'ਤੇ ਵਾਇਰਲ
Thursday, Feb 06, 2020 - 10:29 AM (IST)
ਫਿਰੋਜ਼ਪੁਰ (ਸੰਨੀ, ਕੁਮਾਰ, ਮਨਦੀਪ) - ਤਕਰੀਬਨ 1 ਸਾਲ ਤੱਕ ਫਿਰੋਜ਼ਪੁਰ ਦੇ ਡੀ.ਸੀ ਰਹਿਣ ਮਗਰੋਂ ਸੀਨੀਅਰ ਆਈ. ਏ. ਐੱਸ. ਅਧਿਕਾਰੀ ਬਣਨ ’ਤੇ ਚੰਦਰ ਗੈਂਦ ਨੇ ਡੀ. ਸੀ. ਫਿਰੋਜ਼ਪੁਰ ਦਾ ਅਹੁਦਾ ਛੱਡ ਦਿੱਤਾ। ਚੰਦਰ ਗੈਂਦ ਦੀ ਇਸ ਤਰੱਕੀ ਉਨ੍ਹਾਂ ਨੂੰ ਪ੍ੱਰੈਸ ਕਲੱਬ ਫਿਰੋਜ਼ਪੁਰ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਪਾਰਟੀ ਦਿੱਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਚੰਗੇ ਕੰਮਾਂ ਲਈ ਸਨਮਾਨਤ ਕਰਦੇ ਹੋਏ ਇਕ ਸਫਲ ਡੀ.ਸੀ. ਦਾ ਖਿਤਾਬ ਦਿੱਤਾ ਗਿਆ। ਚੰਦਰ ਗੈਂਦ ਨੇ ਫਿਰੋਜ਼ਪੁਰ ਦੇ ਲੋਕਾਂ ਦਾ ਇੰਨਾ ਪਿਆਰ ਅਤੇ ਸਨਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾਂ ਫਿਰੋਜ਼ਪੁਰ ਦੇ ਲੋਕਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦਾ ਸਰਵਪੱਖੀ ਵਿਕਾਸ ਕਰਵਾਉਣ ’ਚ ਮੁੱਖ ਮੰਤਰੀ ਪੰਜਾਬ ਦਾ ਅਸ਼ੀਰਵਾਦ, ਜ਼ਿਲੇ ਭਰ ਦੇ ਵਿਧਾਇਕਾਂ ਅਤੇ ਆਮ ਲੋਕਾਂ ਦਾ ਸਮਰਥਨ ਬਹੁਤ ਮਹੱਤਵਪੂਰਨ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਦਰ ਗੈਂਦ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਫਿਰੋਜ਼ਪੁਰ ’ਚ ਜਲਦ ਪੀ.ਜੀ.ਆਈ. ਸੈਟੇਲਾਈਟ ਅਤੇ ਗਊਸ਼ਾਲਾ ਆਦਿ ਦਾ ਨਿਰਮਾਣ ਕਰਵਾਇਆ ਜਾਵੇਗਾ। ਉਹ ਸਰਕਾਰੀ ਨੌਕਰ ਹਨ ਅਤੇ ਜਿੱਥੇ ਵੀ ਉਨ੍ਹਾਂ ਨੂੰ ਸਰਕਾਰ ਭੇਜਦੀ ਹੈ, ਉਥੇ ਉਨ੍ਹਾਂ ਨੂੰ ਜਾਣਾ ਪੈਂਦਾ ਹੈ। ਵਿਦਾਇਗੀ ਪਾਰਟੀ ਦੌਰਾਨ ਚੰਦਰ ਗੈਂਦ ਨੇ ਆਪਣੀ ਸੁਰੀਲੀ ਆਵਾਜ਼ ’ਚ ‘ਮੁਸਾਫਿਰ ਹੂੰ ਯਾਰੋ, ਨਾ ਘਰ ਹੈ ਨਾ ਟਿਕਾਨਾ, ਮੁੱਝੇ ਚੱਲਦੇ ਹੈ ਜਾਣਾ’ ਗੀਤ ਗਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਏ. ਡੀ. ਸੀ. ਅਤੇ ਐੱਸ.ਡੀ.ਐੱਮ. ਫਿਰੋਜ਼ਪੁਰ ਆਦਿ ਮੌਜੂਦ ਸਨ।