16.4 ਐੱਮ. ਐੱਮ. ਮੀਂਹ ਨਾਲ ਭਿੱਜਿਆ ਸ਼ਹਿਰ, ਅੱਜ ਵੀ ਪਏਗਾ ਮੀਂਹ (ਤਸਵੀਰਾਂ)
Sunday, Jul 22, 2018 - 12:33 PM (IST)

ਚੰਡੀਗੜ(ਰੋਹਿਲਾ)— ਮਾਨਸੂਮ ਸੀਜ਼ਨ ਵਿਚ ਇਸ ਵਾਰ ਸ਼ਹਿਰਵਾਸੀਆਂ ਨੂੰ ਮੌਸਮ ਦੇ ਕਈ ਰੂਪ ਦੇਖਣ ਨੂੰ ਮਿਲ ਰਹੇ ਹਨ। ਕਦੇ ਹੁੰਮਸ, ਕਦੇ ਤੇਜ਼ ਮੀਂਹ ਤਾਂ ਕਦੇ ਫੁਹਾਰਾਂ। ਸ਼ਨੀਵਾਰ ਨੂੰ ਵੀ ਮੌਸਮ ਦਾ ਹਾਲ ਕੁਝ ਅਜਿਹਾ ਹੀ ਰਿਹਾ। ਦਿਨ ਦੀ ਸ਼ੁਰੂਆਤ ਵਿਚ ਜਿਥੇ ਹੁੰਮਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ, ਉਸ ਤੋਂ ਬਾਅਦ ਇਕ ਘੰਟਾ ਪਏ ਮੀਂਹ ਨੇ ਲੋਕਾਂ ਨੂੰ ਕੁਝ ਰਾਹਤ ਪਹੁੰਚਾਈ। ਸਵੇਰ ਤੋਂ ਦੁਪਹਿਰ ਢਾਈ ਵਜੇ ਤਕ ਧੁੱਪ ਤੇ ਬੱਦਲਾਂ ਦੀ ਲੁਕਣ-ਮੀਚੀ ਜਾਰੀ ਰਹੀ। ਫਿਰ ਬੱਦਲ ਛਾਏ ਤੇ ਜੰਮ ਕੇ ਮੀਂਹ ਪਿਆ। ਇਸ ਦੌਰਾਨ ਕੁਲ 16.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਮੀਂਹ ਤੋਂ ਬਾਅਦ ਮਾਹੌਲ ਵਿਚ ਨਮੀ ਵਧ ਗਈ। ਥੋੜ੍ਹੀ ਦੇਰ ਲਈ ਮੌਸਮ ਸੁਹਾਵਣਾ ਹੋ ਗਿਆ ਤੇ ਫਿਰ ਹੁੰਮਸ ਮਹਿਸੂਸ ਹੋਣ ਲੱਗੀ। ਮੀਂਹ ਦੌਰਾਨ ਸੜਕਾਂ 'ਤੇ ਜਾਮ ਦੀ ਹਾਲਤ ਵੀ ਬਣੀ ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਇਸ ਵਾਰ ਮਾਨਸੂਨ ਵਿਚ ਚੰਗਾ ਮੀਂਹ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਚੰਡੀਗੜ੍ਹ ਵਿਚ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ 345 ਐੱਮ. ਐੱਮ. ਮੀਂਹ ਪੈ ਚੁੱਕਾ ਹੈ। ਅਗਲੇ ਦੋ ਦਿਨ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।
ਹਵਾ 'ਚ ਨਮੀ 95 ਫੀਸਦੀ—
ਮੌਸਮ ਵਿਚ ਨਮੀ ਕਾਰਨ ਆਮ ਲੋਕਾਂ ਨੂੰ ਕਾਫ਼ੀ ਗਰਮੀ ਤੇ ਹੁੰਮਸ ਨੇ ਪ੍ਰੇਸ਼ਾਨ ਕਰ ਦਿੱਤਾ ਹੈ। ਮੀਂਹ ਮਗਰੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਪਰ ਕੁਝ ਹੀ ਦੇਰ ਬਾਅਦ ਫਿਰ ਹੁੰਮਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸ਼ਨੀਵਾਰ ਨੂੰ ਮੌਸਮ ਵਿਚ 85 ਤੋਂ 95 ਫੀਸਦੀ ਨਰਮੀ ਦਰਜ ਕੀਤੀ ਗਈ ਸੀ।
ਮੌਸਮ ਦਾ ਹਾਲ—
ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 28.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਚੰਡੀਗੜ੍ਹ ਏਅਰਪੋਰਟ ਸਟੇਸ਼ਨ ਦਾ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ, ਜਦੋਂਕਿ ਘੱਟੋ-ਘੱਟ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਏਅਰਪੋਰਟ 'ਤੇ ਮੀਂਹ 29 ਮਿਲੀਮੀਟਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਦੋ ਦਿਨਾਂ ਵਿਚ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਜਦੋਂਕਿ ਚੰਡੀਗੜ੍ਹ ਵਿਚ ਐਤਵਾਰ ਨੂੰ ਵੀ ਇਸੇ ਤਰ੍ਹਾਂ ਮੀਂਹ ਜਾਰੀ ਰਹੇਗਾ।