ਚੋਣਾਂ ਦੌਰਾਨ ‘ਬੱਝਣਗੇ ਰੰਗ’ ਪੰਜਾਬ 'ਚ ਸਸਤੀ ਹੋਵੇਗੀ ਸ਼ਰਾਬ

02/12/2019 1:25:36 PM

ਚੰਡੀਗੜ੍ਹ(ਵੈੱਬ ਡੈਸਕ)— ਪੰਜਾਬ ਸਰਕਾਰ ਨਵੀਂ ਐਕਸਾਈਜ਼ ਪਾਲਿਸੀ ਲਿਆਉਣ ਜਾ ਰਹੀ ਹੈ, ਜਿਸ ਤਹਿਤ ਸ਼ਰਾਬ ਸਸਤੀ ਕਰਨ ਦੀ ਤਿਆਰੀ ਹੈ। ਜਾਣਕਾਰੀ ਮੁਤਾਬਕ ਬਜਟ ਤੋਂ ਪਹਿਲਾਂ 16 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਪੰਜਾਬ ਸਰਕਾਰ ਇਸ ਪਾਲਿਸੀ 'ਤੇ ਆਪਣੀ ਮੋਹਰ ਲਗਾ ਦੇਵੇਗੀ। ਬਜਟ 18 ਫਰਵਰੀ ਨੂੰ ਪੇਸ਼ ਹੋਣਾ ਹੈ। ਅਜਿਹਾ ਕਰਕੇ ਸਰਕਾਰ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏਗੀ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਸ਼ਰਾਬ ਪੀਣ ਵਾਲੇ ਸ਼ੌਕੀਨਾਂ ਲਈ ਸਸਤੀ ਸ਼ਰਾਬ ਦੇ ਰਾਹ ਖੋਲ੍ਹੇਗੀ। ਇਸ ਤੋਂ ਇਲਾਵਾ ਪੰਜਾਬ ਵਿਚ ਸ਼ਰਾਬ ਸਸਤੀ ਹੋਣ ਨਾਲ ਗੁਆਂਢੀ ਰਾਜਾਂ ਤੋਂ ਹੋਣ ਵਾਲੀ ਤਸਕਰੀ 'ਤੇ ਵੀ ਰੋਕ ਲੱਗੇਗੀ।

ਪੰਜਾਬ ਵਿਚ ਲੰਬੇ ਸਮੇਂ ਤੋਂ ਸ਼ਰਾਬ ਸਸਤੀ ਕਰਨ ਦੀ ਮੰਗ ਉਠ ਰਹੀ ਸੀ। ਪਿਛਲੇ ਬਜਟ ਦੌਰਾਨ ਵੀ ਸਰਕਾਰ ਨੇ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਅਗਲੇ ਵਿੱਤੀ ਸਾਲ ਵਿਚ ਸਰਕਾਰ ਨਵੀਂ ਪਾਲਿਸੀ ਲਿਆ ਕੇ ਸ਼ਰਾਬ ਨੂੰ ਸਸਤਾ ਕਰ ਸਕਦੀ ਹੈ। ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦੀ ਲੰਬੇ ਸਮੇਂ ਤੋਂ ਸ਼ਿਕਾਇਤ ਰਹੀ ਹੈ ਕਿ ਪੰਜਾਬ ਵਿਚ ਮਹਿੰਗੀ ਸ਼ਰਾਬ ਕਾਰਨ ਦੂਜੇ ਰਾਜਾਂ ਤੋਂ ਇਸ ਦੀ ਤਸਕਰੀ ਹੁੰਦੀ ਹੈ। ਇਸ ਨਾਲ ਸਰਕਾਰ ਨੂੰ ਨਾ ਸਿਰਫ ਮਾਲੀਏ ਦਾ ਨੁਕਸਾਨ ਹੁੰਦਾ ਹੈ ਸਗੋਂ ਕਾਨੂੰਨ ਵਿਵਸਥਾ 'ਤੇ ਵੀ ਇਸ ਦਾ ਅਸਰ ਪੈਂਦਾ ਹੈ। ਪੰਜਾਬ ਦੀਆਂ ਸਰਹੱਦਾਂ ਕਈ ਸੂਬਿਆਂ ਨਾਲ ਲੱਗਦੀਆਂ ਹਨ। ਅਜਿਹੇ ਵਿਚ ਤਸਕਰੀ ਨੂੰ ਪੂਰਨ ਰੂਪ ਵਿਚ ਰੋਕਣਾ ਕਾਫੀ ਚੁਣੌਤੀ ਭਰਿਆ ਕੰਮ ਹੈ। ਤਸਕਰਾਂ ਨੂੰ ਰਾਜਨੀਤਕ ਸ਼ਹਿ ਮਿਲਣ ਕਾਰਨ ਇਹ ਸਮੱਸਿਆ ਵੱਧ ਜਾਂਦੀ ਹੈ।

ਚਾਲੂ ਵਿੱਤੀ ਸਾਲ ਵਿਚ ਪੰਜਾਬ ਸਰਕਾਰ ਨੇ ਐਕਸਾਈਜ਼ ਤੋਂ 6000 ਕਰੋੜ ਰੁਪਏ ਦੇ ਮਾਲੀਏ ਦਾ ਅੰਦਾਜ਼ਾ ਲਗਾਇਆ ਸੀ। ਆਬਕਾਰੀ ਵਿਭਾਗ ਦਾ ਆਂਕਲਨ ਹੈ ਕਿ ਇਸ ਵਿਚ 600 ਤੋਂ 700 ਕਰੋੜ ਰੁਪਏ ਦੀ ਕਮੀ ਆਏਗੀ। ਵਿਭਾਗ ਦਾ ਅੰਦਾਜ਼ਾ ਹੈ ਕਿ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਵਿਭਾਗ 5400 ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਨਹੀਂ ਜੁਟਾ ਸਕੇਗਾ। ਇਸ ਦਾ ਮੁੱਖ ਕਾਰਨ ਮਾਲੀਏ ਵਿਚ ਲੀਕੇਜ ਹੋਣ ਨੂੰ ਮੰਨਿਆ ਜਾ ਰਿਹਾ ਹੈ ਜੋ ਕਿ ਮਹਿੰਗੀ ਸ਼ਰਾਬ ਦੇ ਕਾਰਨ ਹੈ। ਇਹੀ ਕਾਰਨ ਹੈ ਕਿ ਐਕਸਾਈਜ਼ ਵਿਭਾਗ ਨਵੀਂ ਪਾਲਿਸੀ ਤਿਆਰ ਕਰ ਰਿਹਾ ਹੈ। ਇਸ ਵਿਚ ਉਹ ਸ਼ਰਾਬ ਦੀਆਂ ਕੀਮਤਾਂ ਵਿਚ 12 ਤੋਂ 15 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਨਵੀਂ ਪਾਲਿਸੀ ਨਾਲ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਦੀ ਸ਼ਰਾਬ ਤੁਲਨਾਤਮਕ ਰੂਪ ਨਾਲ ਕੀਮਤ ਦੇ ਮਾਮਲੇ ਵਿਚ ਕਰੀਬ-ਕਰੀਬ ਪਹੁੰਚ ਜਾਏਗੀ। ਇਸ ਨਾਲ ਤਸਕਰੀ ਵਿਚ ਕਮੀ ਆ ਸਕਦੀ ਹੈ।


cherry

Content Editor

Related News