ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨਗੇ ਪੰਜਾਬ ਸਰਕਾਰ ਦੇ 3 ਮੰਤਰੀ

10/15/2019 11:13:33 AM

ਚੰਡੀਗੜ੍ਹ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਬਹੁਤ ਸਾਰੇ ਸਮਾਗਮ ਹੋਣ ਜਾ ਰਹੇ ਹਨ। ਸਮਾਗਮਾਂ ਦੇ ਸਬੰਧ 'ਚ ਪੰਜਾਬ ਸਰਕਾਰ ਨੇ ਐੱਸ.ਜੀ.ਪੀ.ਸੀ. ਨੂੰ ਕਿਨਾਰਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨੀ ਸ਼ੁਰ ਕਰ ਦਿੱਤੀ ਹੈ। ਇਸੇ ਕਾਰਨ ਮੰਗਲਵਾਰ ਦੀ ਸਵੇਰੇ ਪੰਜਾਬ ਸਰਕਾਰ ਦੇ 3 ਕੈਬਨਿਟ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਨਾਲ ਮੁਲਾਕਾਤ ਕਰਨ ਅੰਮ੍ਰਿਤਸਰ ਜਾ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਪੁਰਬ ਨੂੰ ਲੈ ਕੇ ਇਕ ਸਾਂਝਾ ਸਮਾਗਮ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਜਿਸ ਦੇ ਸਬੰਧੀ ਐੱਸ.ਜੀ.ਪੀ.ਸੀ. ਵਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਕੋਈ ਜਵਾਬ ਨਾ ਮਿਲਣ ਕਾਰਨ ਸਰਕਾਰ ਹੁਣ ਕਾਰਜਕਾਰੀ ਜਥੇਦਾਰਾਂ ਨਾਲ ਸਪੰਰਕ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ 3 ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ, ਜਿਸ ਦੌਰਾਨ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਪੱਤਰ ਜੱਥੇਦਾਰ ਨੂੰ ਸੌਂਪਣਗੇ। ਪੱਤਰ ਰਾਹੀਂ ਦੱਸ ਦਿੱਤਾ ਜਾਵੇਗਾ ਕਿ ਉਨ੍ਹਾਂ ਵਲੋਂ 550ਵੇਂ ਗੁਰਪੁਰਬ ਨੂੰ ਸਾਂਝੇ ਤੌਰ 'ਤੇ ਮਨਾਉਣ ਦੇ ਹੁਕਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਪਰਿਵਾਰ ਦੇ ਦਬਾਅ ਹੇਠ ਰੱਦ ਕਰ ਦਿੱਤਾ ਹੈ ਅਤੇ ਸਮਾਗਮ ਵੱਖਰੇ ਤੌਰ 'ਤੇ ਕਰਨ ਦਾ ਮਨ ਬਣਾ ਲਿਆ ਹੈ। ਸੂਬਾ ਸਰਕਾਰ ਦੇ ਇਕ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਐੱਸ.ਜੀ.ਪੀ.ਸੀ. ਦੇ ਵਿਵਹਾਰ ਤੋਂ ਬਹੁਤ ਨਿਰਾਸ਼ ਹਨ, ਜਿਸ ਕਾਰਨ ਉਨ੍ਹਾਂ ਨੇ ਸਿੱਧੇ ਤੌਰ 'ਤੇ ਜੱਥੇਦਾਰ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ।


rajwinder kaur

Content Editor

Related News