ਚੰਡੀਗੜ੍ਹ ਪੁਲਸ ਦੇ ਫਰਮਾਨ ਨਾਲ ਖਿਡਾਰੀ ਭੰਬਲਭੂਸੇ ’ਚ, ਸ਼ੂਟਰਾਂ ਨੂੰ ਹੁਣ ਸਿਰਫ਼ 2 ਘੰਟੇ ਹੀ ਅਭਿਆਸ ਦੀ ਇਜਾਜ਼ਤ

Saturday, Sep 09, 2023 - 06:08 PM (IST)

ਚੰਡੀਗੜ੍ਹ ਪੁਲਸ ਦੇ ਫਰਮਾਨ ਨਾਲ ਖਿਡਾਰੀ ਭੰਬਲਭੂਸੇ ’ਚ, ਸ਼ੂਟਰਾਂ ਨੂੰ ਹੁਣ ਸਿਰਫ਼ 2 ਘੰਟੇ ਹੀ ਅਭਿਆਸ ਦੀ ਇਜਾਜ਼ਤ

ਚੰਡੀਗੜ੍ਹ (ਲਲਨ) : ਇੰਟਰਨੈਸ਼ਨਲ ਅਤੇ ਨੈਸ਼ਨਲ ਪੱਧਰ ’ਤੇ ਦੇਸ਼ ਅਤੇ ਸ਼ਹਿਰ ਦਾ ਨਾਂ ਰੌਸ਼ਨ ਕਰਨ ਵਾਲੇ ਸ਼ਹਿਰ ਦੇ ਸ਼ੂਟਰਾਂ ਨੂੰ ਹੁਣ ਸਿਰਫ਼ 2 ਘੰਟੇ ਹੀ ਅਭਿਆਸ ਕਰਨ ਦਾ ਮੌਕਾ ਮਿਲੇਗਾ। ਜਾਣਕਾਰੀ ਅਨੁਸਾਰ ਸ਼ੂਟਿੰਗ ਰੇਂਜ-25 ਵਿਚ ਇੰਟਰਨੈਸ਼ਨਲ ਅਤੇ ਨੈਸ਼ਨਲ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਸ਼ੂਟਰਾਂ ਨੂੰ ਹੁਣ 2 ਘੰਟਿਆਂ ਦੇ ਅੰਦਰ ਹੀ ਰੇਂਜ ਨੂੰ ਖਾਲ੍ਹੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਸ਼ੂਟਿੰਗ ਰੇਂਜ ਵਿਚ ਤਾਇਨਾਤ ਚੰਡੀਗੜ੍ਹ ਪੁਲਸ ਦੇ ਇਕ ਸਬ-ਇੰਸਪੈਕਟਰ ਵਲੋਂ ਡੀ. ਜੀ. ਪੀ. ਦੇ ਹੁਕਮ ਦੇ ਨਾਂ ’ਤੇ ਜਾਰੀ ਕੀਤਾ ਗਿਆ ਹੈ। ਇਕ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਜਾਰੀ ਕੀਤੀ ਹੈ ਅਤੇ ਦੂਜੇ ਪਾਸੇ ਸ਼ੂਟਿੰਗ ਦੇ ਖਿਡਾਰੀਆਂ ਲਈ ਰੇਂਜ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ। ਸ਼ੂਟਿੰਗ ਰੇਂਜ-25 ਵਿਚ ਰੋਜ਼ਾਨਾ ਇੰਟਰਨੈਸ਼ਨਲ ਅਤੇ ਨੈਸ਼ਨਲ ਪੱਧਰ ਦੇ ਕਈ ਸ਼ੂਟਰ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਇਸ ਲਈ ਹੁਣ ਸ਼ੂਟਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਸ਼ੂਟਿੰਗ ਰੇਂਜ ਵਿਚ 2 ਘੰਟਿਆਂ ਅੰਦਰ ਹੀ ਆਪਣਾ ਅਭਿਆਸ ਕਰ ਕੇ ਵਾਪਸ ਜਾਓ, ਜਦੋਂਕਿ ਸ਼ੂਟਿੰਗ ਲਈ ਖਿਡਾਰੀਆਂ ਨੂੰ ਮੈਚ ਅਨੁਸਾਰ 6 ਤੋਂ 8 ਘੰਟਿਆਂ ਦਾ ਅਭਿਆਸ ਜ਼ਰੂਰੀ ਹੁੰਦਾ ਹੈ, ਜਿਸ ’ਚ ਹੋਲਡਿੰਗ ਤੋਂ ਲੈ ਕੇ ਡਰਾਈ ਪ੍ਰੈਕਟਿਸ ਅਤੇ ਟਾਰਗੇਟ ਪ੍ਰੈਕਟਿਸ ਸ਼ਾਮਲ ਹੈ। ਅਜਿਹੇ ਵਿਚ ਜਦੋਂਕਿ ਨੈਸ਼ਨਲ ਗੇਮਜ਼, ਏਸ਼ੀਅਨ ਗੇਮਜ਼ ਅਤੇ ਕਈ ਹੋਰ ਇੰਟਰਨੈਸ਼ਨਲ ਮੁਕਾਬਲੇ ਨਜ਼ਦੀਕ ਹਨ, ਇਸ ਤਰ੍ਹਾਂ ਦੇ ਹੁਕਮ ਖਿਡਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਚੰਡੀਗੜ੍ਹ ਪੁਲਸ ਖਿਡਾਰੀਆਂ ਤੋਂ ਸ਼ੂਟਿੰਗ ਰੇਂਜ ’ਚ ਅਭਿਆਸ ਲਈ 1000 ਰੁਪਏ ਮਹੀਨਾ ਫੀਸ ਲੈ ਰਹੀ ਹੈ। ਇਸਦੇ ਬਾਵਜੂਦ ਖਿਡਾਰੀਆਂ ਨੂੰ ਸਿਰਫ਼ 2 ਘੰਟਿਆਂ ’ਚ ਹੀ ਅਭਿਆਸ ਕਰਨ ਦਾ ਹੁਕਮ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਾਂ-ਪਿਓ ਨੇ ਰੋ-ਰੋ ਸੁਣਾਈ ਨਸ਼ੇੜੀ ਪੁੱਤ ਦੀ ਦਾਸਤਾਨ, ਪੰਜਾਬ ਪੁਲਸ ਦੇ SHO ਨੇ ਕਾਇਮ ਕੀਤੀ ਅਨੋਖੀ ਮਿਸਾਲ

ਸ਼ੂਟਿੰਗ ਰੇਂਜ-25 ’ਚ ਆਈ. ਜੀ. ਦੇ ਨਾਂ ਦਾ ਲਾਇਆ ਨੋਟਿਸ
ਸ਼ੂਟਿੰਗ ਰੇਂਜ-25 ਵਿਚ ਆਈ. ਜੀ. ਦੇ ਨਾਂ ਦੇ ਲਾਏ ਗਏ ਨੋਟਿਸ ਵਿਚ ਸ਼ੂਟਰਾਂ ਨੂੰ ਆਪਣਾ ਖਾਣਾ ਵੀ ਨਾਲ ਲਿਆਉਣ ਤੋਂ ਰੋਕ ਦਿੱਤਾ ਗਿਆ ਹੈ। ਸ਼ੂਟਰਾਂ ਨੂੰ ਕਿਹਾ ਗਿਆ ਹੈ ਕੋਈ ਵੀ ਆਪਣੇ ਨਾਲ ਖਾਣਾ ਨਾ ਲੈ ਕੇ ਆਵੇ। ਦੇਸ਼ ਦੀਆਂ ਹੋਰ ਸਾਰੀਆਂ ਪ੍ਰਮੁੱਖ ਸ਼ੂਟਿੰਗ ਰੇਂਜ ਵਿਚ ਖਿਡਾਰੀਆਂ ਲਈ ਕਨਟੀਨ ਜਾਂ ਮੈੱਸ ਦੀ ਸਹੂਲਤ ਉਪਲੱਬਧ ਹੈ ਪਰ ਚੰਡੀਗੜ੍ਹ ਦੀ ਸ਼ੂਟਿੰਗ ਰੇਂਜ ਵਿਚ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਉਪਲੱਬਧ ਨਹੀਂ ਹੈ। ਸਾਰਾ ਦਿਨ ਖਿਡਾਰੀ ਭੁੱਖੇ ਰਹਿ ਕੇ ਕਿਵੇਂ ਅਭਿਆਸ ਕਰ ਸਕਦੇ ਹਨ? ਚੰਡੀਗੜ੍ਹ ਦੇ ਕਈ ਸ਼ੂਟਰਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਓਲੰਪਿਕ ਵਿਚ ਪਹਿਲਾ ਗੋਲਡ ਮੈਡਲ ਦਿਵਾਉਣ ਵਾਲੇ ਅਭਿਨਵ ਬਿੰਦਰਾ ਚੰਡੀਗੜ੍ਹ ਤੋਂ ਹੀ ਹਨ। ਇਸਤੋਂ ਇਲਾਵਾ ਅੰਜੁਮ ਮੌਦਗਿਲ, ਸਿਫ਼ਤ ਸਮਰਾ, ਵਿਜੈਵੀਰ ਸਿੱਧੂ ਅਤੇ ਉਦੈਵੀਰ ਸਿੱਧੂ, ਗੌਰੀ ਸ਼ੌਰਾਣ, ਯਸ਼ਸਵਿਨੀ ਦੇਸਵਾਲ ਤੇ ਮਿਲਨ ਗੋਦਾਰਾ ਵਰਗੇ ਇੰਟਰਨੈਸ਼ਨਲ ਪੱਧਰ ਦੇ ਸ਼ੂਟਰ ਸ਼ਾਮਲ ਹਨ।

ਇਹ ਵੀ ਪੜ੍ਹੋ : ‘ਭਾਰਤ’ ਨਾਮਕਰਨ ਨੂੰ ਲੈ ਕੇ ਛਿੜੀ ਬਹਿਸ : ਖ਼ਰਚ ਹੋਣਗੇ 14,000 ਕਰੋੜ

ਸਾਡੇ ਕੋਲ ਹੁਣ ਤਕ ਲਿਖਤੀ ਰੂਪ ਵਿਚ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਆਇਆ ਹੈ ਪਰ ਇਹ ਫੈਸਲਾ ਖਿਡਾਰੀਆਂ ਦੇ ਹਿੱਤ ਵਿਚ ਨਹੀਂ ਹੈ ਕਿਉਂਕਿ ਸ਼ੂਟਿੰਗ ਦੇ ਮੈਚ 2-2 ਘੰਟੇ ਚਲਦੇ ਹਨ, ਇਸ ਲਈ ਖਿਡਾਰੀਆਂ ਨੂੰ ਅਭਿਆਸ ਲਈ 4 ਤੋਂ 6 ਘੰਟੇ ਚਾਹੀਦੇ ਹਨ। ਇਸ ਤਰ੍ਹਾਂ ਦਾ ਹੁਕਮ ਉੱਚ ਅਧਿਕਾਰੀਆਂ ਨੇ ਦਿੱਤਾ ਹੈ ਤਾਂ ਉੱਚ ਅਧਿਕਰੀਆਂ ਨਾਲ ਗੱਲਬਾਤ ਕਰਾਂਗੇ।
-ਸ਼ੁਭਜੋਤ ਸਿੰਘ ਚੱਢਾ, ਸਕੱਤਰ ਚੰਡੀਗੜ੍ਹ ਰਾਈਫਲ ਐਸੋਸੀਏਸ਼ਨ।

ਸੈਕਟਰ-25 ਸਥਿਤ ਸ਼ੂਟਿੰਗ ਰੇਂਜ ਵਿਚ 700 ਸ਼ੂਟਰਾਂ ਦੀ ਰਜਿਸਟ੍ਰੇਸ਼ਨ ਹੈ ਅਤੇ ਰੋਜ਼ਾਨਾ 150 ਤੋਂ 200 ਸ਼ੂਟਰ ਅਭਿਆਸ ਕਰਨ ਲਈ ਆਉਂਦੇ ਹਨ। ਪਹਿਲਾਂ ਆਏ ਹੋਏ ਸ਼ੂਟਰ ਰੇਂਜ ਖਾਲ੍ਹੀ ਨਹੀਂ ਕਰਨਗੇ ਤਾਂ ਦੂਜੇ ਖਿਡਾਰੀ ਕਿਵੇਂ ਅਭਿਆਸ ਕਰਨਗੇ? ਇਸ ਲਈ ਸਮਾਂ ਮਿੱਥਿਅਾ ਗਿਆ ਹੈ। ਜਦੋਂਕਿ ਸਾਡੇ ਕੋਲ ਰੇਂਜ ਦੀ ਵੀ ਘਾਟ ਹੈ। ਉੱਥੇ ਹੀ ਸ਼ੂਟਰਾਂ ਨੂੰ ਘਰੋਂ ਖਾਣਾ ਲਿਆਉਣ ਲਈ ਨਹੀਂ ਰੋਕਿਆ ਗਿਆ ਹੈ। ਉਹ ਖਾਣਾ ਟਾਰਟੇਗ ਪੁਆਇੰਟ ਕੋਲ ਨਹੀਂ ਲਿਜਾ ਸਕਦੇ। ਸ਼ੂਟਰ ਖਾਣਾ ਕਿਚਨ ਵਿਚ ਬਣੇ ਡਾਈਨਿੰਗ ਟੇਬਲ ’ਤੇ ਖਾ ਸਕਦੇ ਹਨ। ਟਾਰਗੇਟ ਪੁਆਇੰਟ ’ਤੇ ਖਾਣਾ ਲੈ ਕੇ ਜਾਣ ਦੀ ਸ਼ਿਕਾਇਤ ਬੱਚਿਆਂ ਨੇ ਐੱਸ. ਐੱਸ. ਪੀ. ਨੂੰ ਕੀਤੀ ਸੀ, ਜਿਸ ਕਾਰਨ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ।
-ਹਰਵਿੰਦਰ ਸਿੰਘ, ਸਬ-ਇੰਸਪੈਕਟਰ, ਸ਼ੂਟਿੰਗ ਰੇਂਜ ਇੰਚਾਰਜ।

ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ     

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News