''ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ'' ਮਾਮਲੇ ''ਚ ਮੀਟਿੰਗ ਦੀ ਰਿਪੋਰਟ ਪੇਸ਼

Thursday, Dec 20, 2018 - 02:05 PM (IST)

''ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ'' ਮਾਮਲੇ ''ਚ ਮੀਟਿੰਗ ਦੀ ਰਿਪੋਰਟ ਪੇਸ਼

ਚੰਡੀਗੜ੍ਹ (ਬਰਜਿੰਦਰ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਸਹੂਲਤਾਂ ਅਤੇ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕੀਤੇ ਜਾਣ ਦੀ ਮੰਗ ਸਬੰਧੀ ਦਰਜ ਮਾਮਲੇ 'ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਮਾਮਲੇ 'ਚ ਹਾਈਕੋਰਟ ਨੇ ਜਿੱਥੇ ਸਬੰਧਤ ਅਥਾਰਟੀ ਨੂੰ ਹੁਕਮ ਦਿੱਤੇ ਕਿ ਰਨਵੇਅ ਆਦਿ ਦੇ ਕੰਮ 'ਚ ਲੱਗੇ ਕੰਟ੍ਰੈਕਟਰ ਨੂੰ ਸਮੇਂ ਸਿਰ ਪੇਮੈਂਟ ਕੀਤੀ ਜਾਵੇ ਕਿਉਂਕਿ ਉਸੇ 'ਤੇ ਸਭ ਨਿਰਭਰ ਹੈ, ਬਾਕੀ ਯੋਜਨਾਵਾਂ ਵੀ ਇਸ 'ਤੇ ਨਿਰਭਰ ਹਨ। ਉਥੇ ਹੀ ਦੂਜੇ ਪਾਸੇ ਹਾਈਕੋਰਟ ਦੇ ਹੁਕਮਾਂ 'ਤੇ ਐਮਿਕਸ ਕਿਊਰੀ ਸੀਨੀਅਰ ਐਡਵੋਕੇਟ ਐੱਮ. ਐੱਲ. ਸਰੀਨ ਦੀਆਂ ਹਿਤਧਾਰਕਾਂ ਤੇ ਏਅਰਲਾਈਨਜ਼ ਨਾਲ ਹੋਈਆਂ ਮੀਟਿੰਗਾਂ ਦੀ ਰਿਪੋਰਟ ਪੇਸ਼ ਕੀਤੀ।

ਰਿਪੋਰਟ 'ਚ ਦੱਸਿਆ ਗਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਚੈਲ ਨੇ ਮੀਟਿੰਗਾਂ ਆਯੋਜਿਤ ਕੀਤੀਆਂ, ਜਿਨ੍ਹਾਂ 'ਚ ਸਾਰੇ ਹਿਤਧਾਰਕਾਂ, ਨੈਸ਼ਨਲ ਤੇ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਬੁਲਾਇਆ ਗਿਆ ਸੀ। ਏਅਰ ਕੋਮੋਡੋਰ ਐੱਸ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇੰਸਟਰੂਮੈਂਟ ਲੈਂਡਿੰਗ ਸਿਸਟਮ ਕੈਟ-1 19 ਦਸੰਬਰ ਤੋਂ ਚਾਲੂ ਹੋ ਜਾਵੇਗਾ, ਜਿਸ ਨਾਲ 9 ਹਜ਼ਾਰ ਫੁੱਟ ਦੀ ਰਨਵੇ ਲੰਬਾਈ ਹੋ ਜਾਵੇਗੀ। ਇਸ ਤੋਂ ਇਲਾਵਾ ਰਨਵੇ ਐਕਸਟੈਂਸ਼ਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ ਤੇ ਫਰਵਰੀ 2019 ਤਕ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਕੈਟ-2 ਆਈ. ਐੱਲ. ਐੱਸ. 31 ਮਾਰਚ ਤਕ ਨਾਈਟ ਆਪ੍ਰੇਸ਼ਨ ਨਾਲ ਚਾਲੂ ਹੋ ਜਾਵੇਗਾ। ਏਅਰਪੋਰਟ ਦੀ 24 ਘੰਟੇ ਸਰਵਿਸ ਲਈ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮ. (ਚੈਲ) ਦੇ ਸੀ. ਈ. ਓ. ਸੁਨੀਲ ਦੱਤ ਨੇ ਕਿਹਾ ਕਿ ਸੀ. ਆਈ. ਐੱਸ. ਐੱਫ. ਤੋਂ ਉਹ ਵਾਧੂ ਮੈਨਪਾਵਰ ਲੈਣਗੇ। ਰਿਪੋਰਟ 'ਚ ਦੱਸਿਆ ਗਿਆ ਕਿ ਸਰਦਨ ਟੈਕਸੀ ਟ੍ਰੈਕ ਵੀ 2019 ਦੇ ਆਖਿਰ ਤਕ ਉਪਲਬਧ ਹੋ ਜਾਵੇਗਾ ਤੇ ਟੈਂਡਰ ਜਾਰੀ ਕੀਤੇ ਜਾਣੇ ਹਨ।


author

Babita

Content Editor

Related News