ਸੀ. ਐੱਚ. ਬੀ. ਦਾ ਆਈ. ਟੀ. ਪਾਰਕ ''ਚ ਹਾਊਸਿੰਗ ਪ੍ਰਾਜੈਕਟ ਜਨਵਰੀ ''ਚ

Thursday, Nov 30, 2017 - 08:45 AM (IST)

ਸੀ. ਐੱਚ. ਬੀ. ਦਾ ਆਈ. ਟੀ. ਪਾਰਕ ''ਚ ਹਾਊਸਿੰਗ ਪ੍ਰਾਜੈਕਟ ਜਨਵਰੀ ''ਚ

ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਰਾਜੀਵ ਗਾਂਧੀ ਟੈਕਨਾਲੋਜੀ ਪਾਰਕ ਦੇ ਹਾਊਸਿੰਗ ਪ੍ਰਾਜੈਕਟ ਦੀ ਪ੍ਰਕਿਰਿਆ ਜਨਵਰੀ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਬੋਰਡ ਨਵੇਂ ਸਾਲ ਦੀ ਸ਼ਰੂਆਤ ਵਿਚ ਹੀ ਆਈ. ਟੀ. ਪਾਰਕ ਵਿਚ ਬਣਾਏ ਜਾਣ ਵਾਲੇ ਹਾਊਸਿੰਗ ਪ੍ਰਜੈਕਟ ਲਈ ਸਕੀਮ ਲਾਂਚ ਕਰਨ ਦੀ ਤਿਆਰੀ ਵਿਚ ਹੈ। 123.79 ਏਕੜ ਜ਼ਮੀਨ ਦੇ 12 ਪਲਾਟਾਂ ਨੂੰ ਬੋਰਡ ਨੇ ਰੈਜ਼ੀਡੈਂਸ਼ੀਅਲ ਸਾਈਟਾਂ ਲਈ ਰੱਖ ਦਿੱਤਾ ਹੈ। 12 ਪਲਾਟਾਂ ਦੀ ਜ਼ਮੀਨ 4 ਤੋਂ 11 ਏਕੜ ਦੇ ਵਿਚਕਾਰ ਹੈ। ਦੋ ਰੈਜ਼ੀਡੈਂਸ਼ੀਅਲ ਸਾਈਟਾਂ (10.51 ਏਕੜ ਤੇ 6.43 ਏਕੜ) 'ਤੇ 600 ਫਲੈਟ ਬਣਾਏ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਫਲੈਟਾਂ ਦੀ ਵਿਕਰੀ ਬੋਰਡ ਸੈਕਟਰ-51 ਦੇ ਫਲੈਟਾਂ ਦੀ ਤਰਜ਼ 'ਤੇ ਕਰੇਗਾ। ਸੈਕਟਰ-51 ਦੇ ਫਲੈਟਾਂ ਨੂੰ ਆਕਸ਼ਨ ਤੇ ਡਰਾਅ ਦੋਵਾਂ ਪ੍ਰਕਿਰਿਆਵਾਂ ਵਿਚ ਵੇਚਿਆ ਗਿਆ ਸੀ। ਪਹਿਲਾਂ ਫਲੈਟਾਂ ਦੀ ਆਕਸ਼ਨ ਕੀਤੀ ਜਾਵੇਗੀ ਤੇ ਆਕਸ਼ਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਉਨ੍ਹਾਂ ਦੀ ਪਸੰਦ ਦਾ ਫਲੈਟ ਤੇ ਫਲੋਰ ਦਿੱਤਾ ਜਾਵੇਗਾ, ਜਦਕਿ ਬਾਕੀ ਬਚੇ ਹੋਏ ਫਲੈਟਾਂ ਲਈ ਡ੍ਰਾਅ ਕੱਢਿਆ ਜਾਵੇਗਾ। ਬੋਰਡ ਨੇ ਰੈਜ਼ੀਡੈਂਸ਼ੀਅਲ ਸਾਈਟ ਵਿਚ ਬਣਾਏ ਜਾਣ ਵਾਲੇ 2 ਬੀ. ਐੱਚ. ਕੇ., 3 ਬੀ. ਐੱਚ. ਕੇ. ਫਲੈਟਾਂ ਦੀ ਕੀਮਤ ਹਾਲਾਂਕਿ ਅਜੇ ਤੈਅ ਨਹੀਂ ਹੋਈ ਹੈ ਪਰ ਉਮੀਦ ਹੈ ਕਿ ਇਨ੍ਹਾਂ ਦੀ ਕੀਮਤ 1 ਕਰੋੜ ਦੇ ਆਸ-ਪਾਸ ਹੋ ਸਕਦੀ ਹੈ ਕਿਉਂਕਿ ਹਾਲ ਹੀ ਵਿਚ ਬੋਰਡ ਨੇ ਸੈਕਟਰ-38 ਵੈਸਟ ਵਿਚ ਇਕ ਫਲੈਟ ਨੂੰ ਢਾਈ 2 ਕਰੋੜ ਰੁਪਏ ਵਿਚ ਵੇਚਿਆ ਹੈ। ਬੋਰਡ ਨੇ ਦੋ ਰੈਜ਼ੀਡੈਂਸ਼ੀਅਲ ਪਲਾਟ, ਇਕ ਕਲੱਬ ਪਲਾਟ ਤੇ ਗੌਰਮਿੰਟ ਹਾਊਸਿੰਗ ਤੋਂ ਇਲਾਵਾ ਹੋਰ ਸਾਈਟਾਂ ਨੂੰ ਫਿਰ ਨਿਲਾਮੀ ਲਈ ਰੱਖ ਦਿੱਤਾ ਹੈ। ਆਕਸ਼ਨ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਤਰੀਕ 29 ਦਸੰਬਰ, ਜਦਕਿ ਈ-ਬਿਡ ਲਈ 1 ਜਨਵਰੀ 2018 ਰੱਖ ਦਿੱਤੀ ਗਈ ਹੈ।
ਫਲੈਟਾਂ ਦੀ ਡਿਜ਼ਾਈਨਿੰਗ ਦਾ ਕੰਮ ਕੀਤਾ ਸ਼ੁਰੂ
ਹਾਊਸਿੰਗ ਬੋਰਡ ਨੂੰ ਭਾਵੇਂ ਆਈ. ਟੀ. ਪਾਰਕ ਦੀਆਂ ਸਾਈਟਾਂ ਲਈ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਪਰ ਬੋਰਡ ਨੇ ਰੈਜ਼ੀਡੈਂਸ਼ੀਅਲ ਸਾਈਟ ਲਈ ਹਾਊਸਿੰਗ ਸਕੀਮ ਨੂੰ ਲਾਂਚ ਕਰਨ ਤੋਂ ਬਾਅਦ ਫਲੈਟ ਦਾ ਨਿਰਮਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬੋਰਡ ਵਲੋਂ ਆਈ. ਟੀ. ਪਾਰਕ ਵਿਚ ਪੰਜ ਸਿਤਾਰਾ ਹੋਟਲ, ਹੈਬੀਟੈਟ ਸੈਂਟਰ, ਸ਼ਾਪਿੰਗ ਮਾਲ, ਕਮਿਊਨਿਟੀ ਸੈਂਟਰ, ਡਿਸਪੈਂਸਰੀ, ਸਕੂਲ ਤੇ ਹਸਪਤਾਲ ਬਣਾਏ ਜਾਣੇ ਹਨ ਪਰ ਇਨ੍ਹਾਂ ਸਾਈਟਾਂ ਦੀ ਖਰੀਦਦਾਰੀ ਵਿਚ ਕੋਈ ਵੀ ਆਪਣੀ ਰੁਚੀ ਨਹੀਂ ਦਿਖਾ ਰਿਹਾ ਹੈ। ਸਤੰਬਰ ਵਿਚ ਬੋਰਡ ਨੇ ਸਾਈਟਾਂ ਦੀ ਆਨਲਾਈਨ ਆਕਸ਼ਨ ਸ਼ੁਰੂ ਕੀਤੀ ਸੀ ਪਰ ਖਰੀਦਦਾਰ ਨਾ ਮਿਲਣ 'ਤੇ ਬੋਰਡ ਨੇ ਫਿਰ ਆਕਸ਼ਨ ਦੀ ਤਰੀਕ ਵਧਾ ਦਿੱਤੀ ਪਰ ਕੋਈ ਦਾਅਵੇਦਾਰ ਨਹੀਂ ਆਇਆ, ਜਿਸ ਤੋਂ ਬਾਅਦ ਬੇਸ਼ੱਕ 28 ਦਸੰਬਰ ਤਕ ਫਿਰ ਤੋਂ ਆਕਸ਼ਨ ਦਾ ਸਮਾ ਵਧਾ ਤਾਂ ਦਿੱਤਾ ਹੈ ਪਰ ਸੂਤਰ ਕਹਿੰਦੇ ਹਨ ਕਿ ਬੋਰਡ ਨੇ ਹੁਣ ਬਿਡਰਜ਼ ਤੇ ਖਰੀਦਦਾਰਾਂ ਨੂੰ ਲੁਭਾਉਣ ਲਈ ਪੈਸੇ ਜਮ੍ਹਾ ਕਰਵਾਉਣ ਦਾ ਸਮਾਂ ਹੋਰ ਵਧਾਉਣ ਦਾ ਫੈਸਲਾ ਲਿਆ ਹੈ। ਪਹਿਲਾਂ ਸਾਈਟਾਂ ਲਈ ਪੇਮੈਂਟ ਜਮ੍ਹਾ ਕਰਵਾਉਣ ਦਾ ਸਮਾਂ 6 ਮਹੀਨੇ ਸੀ, ਬੋਰਡ ਨੇ ਬਿਡਰਜ਼ ਨੂੰ ਆਕਰਸ਼ਿਤ ਕਰਨ ਲਈ ਸਮਾਂ ਹੱਦ ਢਾਈ ਸਾਲ ਤਕ ਵਧਾ ਦਿੱਤਾ ਸੀ ਪਰ ਨਤੀਜਾ ਸਿਫਰ ਦੇਖਦਿਆਂ ਹੁਣ ਬੋਰਡ ਨੇ ਬਹੁਤ ਹੀ ਲੁਭਾਉਣਾ ਪੇਮੈਂਟ ਮੋਡ ਲਾਂਚ ਕਰ ਦਿੱਤਾ ਹੈ।


Related News